Chandigarh News: ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਭੇਜੇ ਜਾਣ ਵਾਲੇ 72 ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦਾ ਕੰਮ ਮੁਕੰਮਲ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਜਿਨ੍ਹਾਂ ਪ੍ਰਾਇਮਰੀ ਅਧਿਆਪਕ ਦੀ ਇਸ ਟ੍ਰੇਨਿੰਗ ਲਈ ਚੋਣ ਹੋਈ ਹੈ ਉਹ ਤਿੰਨ ਹਫ਼ਤਿਆਂ ਦੀ ਟ੍ਰੇਨਿੰਗ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਹਾਸਲ ਕਰਨਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਜਿਹੜੇ ਅਧਿਆਪਕ ਇਸ ਟ੍ਰੇਨਿੰਗ ‘ਤੇ ਜਾਣ ਲਈ ਅਪਲਾਈ ਕੀਤਾ ਸੀ ਉਨ੍ਹਾਂ ਦੇ ਪੜ੍ਹਾਈ ਕਰਵਾਉਣ ਦੀ ਵਿਧੀ ਸਬੰਧੀ ਉਨ੍ਹਾਂ ਕੋਲੋਂ ਸਿੱਖਿਆ ਹਾਸਲ ਕਰ ਚੁੱਕੇ ਵਿਦਿਆਰਥੀਆਂ ਅਤੇ ਮੌਜੂਦਾ ਸਮੇਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੀ ਤਸਦੀਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫਿਨਲੈਂਡ ਵਿਖੇ ਟ੍ਰੇਨਿੰਗ ਕਰਨ ਦੇ ਇਛੁੱਕ 600 ਅਧਿਆਪਕ ਵਲੋਂ ਆਨਲਾਈਨ ਅਪਲਾਈ ਕੀਤਾ ਸੀ। ਇਨ੍ਹਾਂ ਅਧਿਆਪਕਾਂ ਵਲੋਂ ਕੀਤੇ ਗਏ ਦਾਅਵਿਆਂ ਨੂੰ ਤਸਦੀਕ ਕਰਨ ਦੀ ਕਾਰਵਾਈ ਦੌਰਾਨ 6000 ਦੇ ਕਰੀਬ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਸੀ। ਅਧਿਆਪਕਾਂ ਦੇ ਪਿਛਲੇ ਸਾਲਾਂ ਦੇ ਨਤੀਜਿਆਂ ਦੀ ਘੋਖ ਕੀਤੀ ਗਈ ਅਤੇ ਸਲਾਨਾ ਗੁਪਤ ਰਿਪੋਰਟਾਂ ਨੂੰ ਵੀ ਵਾਚਿਆ ਗਿਆ। ਉਨ੍ਹਾਂ ਦੱਸਿਆ ਕਿ ਅਧਿਆਪਕ ਦੀ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਿਆ ਗਿਆ ਸੀ।
ਹਿੰਦੂਸਥਾਨ ਸਮਾਚਾਰ