Chandigarh News: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਕਈ ਮੰਗਾ ‘ਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਪੰਜਾਬ ‘ਚ ਰੇਲ ਰੋਕੋ ਅੰਦੋਲਨ ਕੀਤਾ ਗਿਆ। ਦੱਸ ਦਈਏ ਕਿ ਕਿਸਾਨ ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਰੇਲ ਪਟੜੀਆਂ ‘ਤੇ ਧਰਨਾ ਦਿੱਤਾ ਗਿਆ। ਕਿਸਾਨਾਂ ਵੱਲੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 35 ਥਾਵਾਂ ‘ਤੇ ਅਤੇ ਹਰਿਆਣਾ ਦੇ ਇੱਕ ਸਥਾਨ ‘ਤੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਗਠਨ ਦੇ ਬੈਨਰ ਹੇਠ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨਾਂ ਨੇ ਦੇਸ਼ ਵਿਆਪੀ ਰੋਲ ਰੋਕੋ ਅੰਦੋਲਨ ਦੇ ਤਹਿਤ ਦੇਵੀਦਾਸਪੁਰਾ ਰੇਲਵੇ ਫਾਟਕ ’ਤੇ ਚੱਕਾ ਜਾਮ ਕੀਤਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਦੇਵੀਦਾਸਪੁਰਾ ਰੇਲਵੇ ਟ੍ਰੈਕ ’ਤੇ ਜਾਮ ਲਗਾ ਦਿੱਤਾ ਹੈ। ਅਸੀਂ ਲਖੀਮਪੁਰ ਖੇੜੀ ਕਾਂਡ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਹਾਂ। MSP ‘ਤੇ ਕਾਨੂੰਨੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਝੋਨੇ ਦੀ ਖਰੀਦ ਨਹੀਂ ਹੋ ਰਹੀ। ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਜ਼ਦੂਰਾਂ ਅਤੇ ਵਿਚੋਲਿਆਂ ਦੀ ਹੜਤਾਲ ਖਤਮ ਕਰਵਾਈ ਜਾਵੇ ਤਾਂ ਜੋ ਝੋਨੇ ਦੀ ਖਰੀਦ ਕੀਤੀ ਜਾ ਸਕੇ।
ਇਸ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ ਅਤੇ ਜੰਮੂ ਮਾਰਗ ਪ੍ਰਭਾਵਿਤ ਹੋਏ। ਅੱਜ ਫਿਲੌਰ, ਜਲੰਧਰ ਦੇ ਲੋਹੀਆਂ, ਅੰਮ੍ਰਿਤਸਰ ਦੇ ਮਾਨਾਂਵਾਲਾ, ਤਿੰਨ ਥਾਵਾਂ ‘ਤੇ ਫ਼ਿਰੋਜ਼ਪੁਰ, ਫਤਿਹਗੜ੍ਹ ਰੇਲਵੇ ਸਟੇਸ਼ਨ, ਗੁਰਦਾਸਪੁਰ ਬਟਾਲਾ ਸਟੇਸ਼ਨ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਗੜ੍ਹਸ਼ੰਕਰ, ਕਪੂਰਥਲਾ ਸੁਲਤਾਨਪੁਰ ਲੋਧੀ, ਲੁਧਿਆਣਾ ਸਮਰਾਲਾ, ਖੰਨਾ ਰੇਲਵੇ ਟ੍ਰੈਕ ਪ੍ਰਭਾਵਿਤ ਰਹੇ। ਇਸ ਤੋਂ ਇਲਾਵਾ ਰੋਪੜ, ਸੰਗਰੂਰ ਦੇ ਧੂਰੀ, ਤਰਨਤਾਰਨ, ਬਰਨਾਲਾ ਸਟੇਸ਼ਨ, ਮਾਲੇਰਕੋਟਲਾ ਵਿੱਚ ਵੀ ਧਰਨੇ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ