New Delhi News: ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਈਰਾਨ ਦੀ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਨਾਲ ਹੀ ਈਰਾਨ ‘ਚ ਰਹਿ ਰਹੇ ਭਾਰਤੀਆਂ ਨੂੰ ਸਥਿਤੀ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਇਹ ਐਡਵਾਈਜ਼ਰੀ ਈਰਾਨ ਦੇ ਇਜ਼ਰਾਈਲ ‘ਤੇ ਹਮਲੇ ਅਤੇ ਮੱਧ ਪੂਰਬ ‘ਚ ਕਈ ਮੋਰਚਿਆਂ ‘ਤੇ ਸੰਘਰਸ਼ ਕਰ ਰਹੇ ਯਹੂਦੀ ਦੇਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਇਸ ਖੇਤਰ ਦੀ ਸੁਰੱਖਿਆ ਸਥਿਤੀ ‘ਚ ਹਾਲ ਹੀ ‘ਚ ਪੈਦਾ ਹੋਏ ਤਣਾਅ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਦੀ ਵਧਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸਦੇ ਵਿਸ਼ਵਵਿਆਪੀ ਪ੍ਰਭਾਵਾਂ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਤਣਾਅ ਨਾਲ ਟਕਰਾਅ ਵਧ ਸਕਦਾ ਹੈ।
ਵਾਸ਼ਿੰਗਟਨ ਵਿਚ ਇਕ ਥਿੰਕ ਟੈਂਕ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਸੰਘਰਸ਼ ਵਧਣ ਦੀ ਸੰਭਾਵਨਾ ਤੋਂ ਚਿੰਤਤ ਹਾਂ। ਅੱਤਵਾਦੀ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਜਵਾਬ ਜ਼ਰੂਰੀ ਸੀ। ਪਰ ਕਿਸੇ ਵੀ ਦੇਸ਼ ਨੂੰ ਪ੍ਰਤੀਕਿਰਿਆ ਦੇਣ ਵੇਲੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਉਸਨੂੰ ਨਾਗਰਿਕਾਂ ਨੂੰ ਹੋਣ ਵਾਲੇ ਨੁਕਸਾਨ ਜਾਂ ਪ੍ਰਭਾਵ ਬਾਰੇ ਸਾਵਧਾਨ ਰਹਿਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਈਰਾਨ ਨੇ ਮੰਗਲਵਾਰ ਰਾਤ ਨੂੰ ਇਜ਼ਰਾਈਲ ‘ਤੇ ਵੱਡੀ ਗਿਣਤੀ ‘ਚ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ‘ਚੋਂ ਕਈ ਆਪਣੇ ਨਿਸ਼ਾਨੇ ‘ਤੇ ਵੀ ਲੱਗੀਆਂ ਹਨ। ਨੁਕਸਾਨ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਜ਼ਰਾਈਲ ਨੇ ਈਰਾਨ ਨੂੰ ਇਸ ਹਮਲੇ ਵਿਰੁੱਧ ਚੇਤਾਵਨੀ ਦਿੱਤੀ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਈਰਾਨ ਦੇ ਹਮਲੇ ਦੀ ਨਿੰਦਾ ਕੀਤੀ ਹੈ।
ਹਿੰਦੂਸਥਾਨ ਸਮਾਚਾਰ