Rohtak News: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਬੁੱਧਵਾਰ ਤੜਕ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਪੈਰੋਲ ‘ਤੇ ਰਿਹਾਈ ਦੌਰਾਨ ਉਹ ਯੂਪੀ ਦੇ ਬਰਨਾਵਾ ਆਸ਼ਰਮ ‘ਚ ਰਹਿਣਗੇ।
ਰਾਮ ਰਹੀਮ ਦੀ ਪੈਰੋਲ ‘ਤੇ ਕਾਂਗਰਸ ਨੇ ਇਤਰਾਜ਼ ਪ੍ਰਗਟਾਇਆ ਸੀ ਅਤੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਫਿਲਹਾਲ ਰਾਮ ਰਹੀਮ ਨੂੰ ਪੈਰੋਲ ਦੇਣਾ ਸਹੀ ਨਹੀਂ ਹੈ, ਇਸ ਨਾਲ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ।
ਸੁਰੱਖਿਆ ਦਰਮਿਆਨ ਰਾਮ ਰਹੀਮ ਜੇਲ੍ਹ ਤੋਂ ਯੂਪੀ ਲਈ ਰਵਾਨਾ ਹੋ ਗਏ ਹਨ। ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਸੁਨਾਰੀਆ ਜੇਲ੍ਹ ਦੇ ਬਾਹਰ ਹਲਚਲ ਸ਼ੁਰੂ ਹੋ ਗਈ ਸੀ ਅਤੇ ਜੇਲ੍ਹ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ। ਰਾਮ ਰਹੀਮ ਨੂੰ ਸਵੇਰੇ ਕਰੀਬ 6.30 ਵਜੇ ਹਾਜ਼ਰੀ ਤੋਂ ਬਾਅਦ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਹਾਲ ਹੀ ਵਿੱਚ ਰਾਮ ਰਹੀਮ 21 ਦਿਨਾਂ ਦੀ ਫਰਲੋ ਕੱਟਣ ਤੋਂ ਬਾਅਦ 4 ਸਤੰਬਰ ਨੂੰ ਜੇਲ੍ਹ ਪਰਤੇ ਸੀ।
ਚੋਣ ਕਮਿਸ਼ਨ ਨੇ ਰਾਮ ਰਹੀਮ ਦੀ ਪੈਰੋਲ ‘ਤੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਪੈਰੋਲ ਦੀ ਮਿਆਦ ਦੌਰਾਨ ਉਹ ਹਰਿਆਣਾ ਵਿਚ ਨਹੀਂ ਰਹਿਣਗੇ ਅਤੇ ਨਾ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਹੋਣਗੇ ਅਤੇ ਚੋਣ ਗਤੀਵਿਧੀਆਂ ਤੋਂ ਦੂਰ ਰਹਿਣਗੇ, ਜੇਕਰ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ।
ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਮੰਗਲਵਾਰ ਨੂੰ ਕਾਂਗਰਸ ਨੇ ਵੀ ਆਪਣਾ ਇਤਰਾਜ਼ ਜਤਾਇਆ ਸੀ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਪਰ ਦੇਰ ਰਾਤ ਸਰਕਾਰ ਨੇ ਰਾਮ ਰਹੀਮ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਸਵੇਰੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਪ੍ਰਸ਼ਾਸਨ ਦਾ ਤਰਕ ਹੈ ਕਿ ਜੇਲ ਮੈਨੂਅਲ ਮੁਤਾਬਕ ਰਾਮ ਰਹੀਮ ਨੂੰ ਨਿਯਮਾਂ ਮੁਤਾਬਕ ਪੈਰੋਲ ਦਿੱਤੀ ਗਈ ਹੈ ਅਤੇ ਰਾਮ ਰਹੀਮ ਦੀ ਇਸ ਸਾਲ 20 ਦਿਨਾਂ ਦੀ ਪੈਰੋਲ ਬਾਕੀ ਸੀ। ਕੈਦੀ ਵਾਂਗ ਹੁਣ ਉਨ੍ਹਾਂ ਨੂੰ ਅਗਲੇ ਸਾਲ ਪੈਰੋਲ ਮਿਲੇਗੀ।
ਹਿੰਦੂਸਥਾਨ ਸਮਾਚਾਰ