New Delhi : ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ (ਓਐਮਸੀ) ਨੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 48.50 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ (ਮੰਗਲਵਾਰ) ਤੋਂ ਲਾਗੂ ਹੋ ਗਈਆਂ ਹਨ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਨਵੀਂ ਦਿੱਲੀ ‘ਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 48.50 ਰੁਪਏ ਵਧ ਕੇ 1740 ਰੁਪਏ ਹੋ ਗਈ ਹੈ, ਜੋ ਪਹਿਲਾਂ 1691.50 ਰੁਪਏ ‘ਚ ਮਿਲ ਰਿਹਾ ਸੀ। ਕੋਲਕਾਤਾ ‘ਚ ਇਸ ਦੀ ਕੀਮਤ 48 ਰੁਪਏ ਵਧ ਕੇ 1850.50 ਰੁਪਏ ਹੋ ਗਈ ਹੈ, ਜੋ ਪਹਿਲਾਂ 1802.50 ਰੁਪਏ ‘ਚ ਮਿਲ ਰਿਹਾ ਸੀ। ਮੁੰਬਈ ਵਿੱਚ, ਇਹ 48.50 ਰੁਪਏ ਦੇ ਵਾਧੇ ਨਾਲ 1692.50 ਰੁਪਏ ਵਿੱਚ ਉਪਲਬਧ ਹੈ, ਜਿਸਦੀ ਪਹਿਲਾਂ ਕੀਮਤ 1644 ਰੁਪਏ ਸੀ। ਇਸ ਤੋਂ ਇਲਾਵਾ ਇਹ ਸਿਲੰਡਰ ਚੇਨਈ ‘ਚ 1903 ਰੁਪਏ ‘ਚ ਮਿਲ ਰਿਹਾ ਹੈ, ਜੋ ਪਹਿਲਾਂ 1855 ਰੁਪਏ ‘ਚ ਮਿਲਦਾ ਸੀ।
ਜ਼ਿਕਰਯੋਗ ਹੈ ਕਿ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਆਈਓਸੀ, ਐੱਚਪੀਸੀਐੱਲ ਅਤੇ ਬੀਪੀਸੀਐੱਲ ਨੇ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਦਿੱਲੀ ਵਿੱਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ।
ਹਿੰਦੂਸਥਾਨ ਸਮਾਚਾਰ