New Delhi: ਕੇਂਦਰ ਸਰਕਾਰ ਨੇ ਵੱਖ-ਵੱਖ ਮੰਤਰਾਲਿਆਂ ਨਾਲ ਜੁੜੀਆਂ 24 ਸੰਸਦੀ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ‘ਚ ਭਾਜਪਾ ਨੇਤਾ ਰਾਧਾ ਮੋਹਨ ਸਿੰਘ ਨੂੰ ਰੱਖਿਆ ਮਾਮਲਿਆਂ, ਭਰਤਰਿਹਰੀ ਮਹਿਤਾਬ ਨੂੰ ਵਿੱਤ ਮਾਮਲਿਆਂ, ਰਾਧਾ ਮੋਹਨ ਦਾਸ ਅਗਰਵਾਲ ਨੂੰ ਗ੍ਰਹਿ ਮਾਮਲਿਆਂ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰੱਖਿਆ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਸੋਨੀਆ ਗਾਂਧੀ ਦਾ ਨਾਮ ਕਿਸੇ ਕਮੇਟੀ ਵਿੱਚ ਨਹੀਂ ਹੈ।
ਵਿਭਾਗ ਸਬੰਧਤ ਕੁੱਲ 24 ਸਥਾਈ ਕਮੇਟੀਆਂ ਵਿੱਚੋਂ 11 ਦੀ ਪ੍ਰਧਾਨਗੀ ਭਾਜਪਾ ਦੇ ਮੈਂਬਰਾਂ ਨੂੰ ਮਿਲੀ ਹੈ। ਚਾਰ ਕਮੇਟੀਆਂ ਦੀ ਅਗਵਾਈ ਭਾਜਪਾ ਦੇ ਸਹਿਯੋਗੀ ਦਲਾਂ ਨੂੰ ਮਿਲੀ ਹੈ। ਕਾਂਗਰਸ ਨਾਲ ਜੁੜੇ ਆਗੂ ਚਾਰ ਕਮੇਟੀਆਂ ਦੀ ਪ੍ਰਧਾਨਗੀ ਕਰਨਗੇ। ਦੋ-ਦੋ ਕਮੇਟੀਆਂ ਦੀ ਪ੍ਰਧਾਨਗੀ ਡੀਐਮਕੇ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਰਨਗੇ ਅਤੇ ਇੱਕ ਸੰਸਦੀ ਸਥਾਈ ਕਮੇਟੀ ਦੀ ਪ੍ਰਧਾਨਗੀ ਸਮਾਜਵਾਦੀ ਪਾਰਟੀ ਦੇ ਸੰਸਦ ਕਰਨਗੇ। ਹਰ ਕਮੇਟੀ ਵਿੱਚ ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰ ਸ਼ਾਮਲ ਕੀਤੇ ਗਏ ਹਨ।
ਲੋਕ ਸਭਾ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਭਾਜਪਾ ਆਗੂ ਸੀਐਮ ਰਮੇਸ਼ ਰੇਲਵੇ, ਸਪਾ ਆਗੂ ਰਾਮ ਗੋਪਾਲ ਯਾਦਵ ਸਿਹਤ ਤੇ ਪਰਿਵਾਰ ਭਲਾਈ, ਕਾਂਗਰਸ ਆਗੂ ਦਿਗਵਿਜੇ ਸਿੰਘ ਸਿੱਖਿਆ, ਔਰਤਾਂ, ਬੱਚੇ, ਨੌਜਵਾਨ ਅਤੇ ਖੇਡਾਂ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਹੋਣਗੇ। ਇਨ੍ਹਾਂ ਤੋਂ ਇਲਾਵਾ ਵਣਜ ਨਾਲ ਸਬੰਧਤ ਕਮੇਟੀ ਡੋਲਾ ਸੇਨ, ਵਣਜ ਅਤੇ ਉਦਯੋਗ ਨਾਲ ਸਬੰਧਤ ਕਮੇਟੀ ਤਿਰੂਚੀ ਸ਼ਿਵਾ, ਵਿਗਿਆਨ ਤਕਨਾਲੋਜੀ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਕਮੇਟੀ ਤੋਂ ਭਾਜਪਾ ਦੇ ਭੁਵਨੇਸ਼ਵਰ ਕਲਿਤਾ, ਟਰਾਂਸਪੋਰਟ, ਟੂਰਿਜ਼ਮ ਅਤੇ ਕਲਚਰ ਨਾਲ ਸਬੰਧਤ ਕਮੇਟੀ ਦੇ ਜਨਤਾ ਦਲ (ਯੂ) ਆਗੂ ਸੰਜੇ ਕੁਮਾਰ ਝਾਅ ਚੇਅਰਮੈਨ ਹੋਣਗੇ।
ਕਰਮਚਾਰੀ, ਜਨਤਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਨਾਲ ਸਬੰਧਤ ਕਮੇਟੀ ਭਾਜਪਾ ਆਗੂ ਬ੍ਰਿਜਲਾਲ, ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕਮੇਟੀ ਦੀ ਅਗਵਾਈ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਕਰਨਗੇ। ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਨਾਲ ਸਬੰਧਤ ਕਮੇਟੀ ਦੀ ਭਾਜਪਾ ਆਗੂ ਨਿਸ਼ੀਕਾਂਤ ਦੂਬੇ, ਊਰਜਾ ਨਾਲ ਸਬੰਧਤ ਕਮੇਟੀ ਸ਼ਿਵ ਸੈਨਾ ਆਗੂ ਸ੍ਰੀਰੰਗ ਅੱਪਾ ਚੰਦੂ, ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਨਾਲ ਸਬੰਧਤ ਕਮੇਟੀ ਦੀ ਅਗਵਾਈ ਡੀ.ਐਮ.ਕੇ. ਨੇਤਰੀ ਕਨਿਮੋਈ ਕਰਨਗੇ। ਕਿਰਤ ਅਤੇ ਟੈਕਸਟਾਈਲ ਅਤੇ ਹੁਨਰ ਵਿਕਾਸ ਨਾਲ ਸਬੰਧਤ ਕਮੇਟੀ ਦੀ ਅਗਵਾਈ ਭਾਜਪਾ ਨੇਤਾ ਬਸਵਰਾਜ ਬੋਮਈ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨਾਲ ਸਬੰਧਤ ਕਮੇਟੀ ਦੀ ਪ੍ਰਧਾਨਗੀ ਸੁਨੀਲ ਦੱਤਾਤ੍ਰੇਅ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਨਾਲ ਸਬੰਧਤ ਕਮੇਟੀ ਦੀ ਅਗਵਾਈ ਮਗੁੰਟਾ ਸ੍ਰੀਨਿਵਾਸਲੁ ਰੈਡੀ, ਜਲ ਸਰੋਤਾਂ ਨਾਲ ਸਬੰਧਤ ਦੇ ਚੇਅਰਮੈਨ ਰਾਜੀਵ ਪ੍ਰਤਾਪ ਰੂਡੀ, ਰਸਾਇਣਕ ਅਤੇ ਖਾਦ ਨਾਲ ਸਬੰਧਤ ਕਮੇਟੀ ਤ੍ਰਿਣਮੂਲ ਨੇਤਾ ਕੀਰਤੀ ਆਜ਼ਾਦ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਕਾਂਗਰਸ ਨੇਤਾ ਸਪਤਗਿਰੀ ਸ਼ੰਕਰ ਉਲਾਕਾ, ਕੋਲੇ ਨਾਲ ਸਬੰਧਤ ਕਮੇਟੀ ਅਨੁਰਾਗ ਠਾਕੁਰ ਅਤੇ ਪੀਸੀ ਮੋਹਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਨਾਲ ਸਬੰਧਤ ਕਮੇਟੀ ਦੀ ਪ੍ਰਧਾਨਗੀ ਕਰਨਗੇ।
ਯੂਸਫ ਪਠਾਨ ਨੂੰ ਵਣਜ ਮੰਤਰਾਲੇ, ਹਰਭਜਨ ਸਿੰਘ ਨੂੰ ਸਿੱਖਿਆ ਮੰਤਰਾਲੇ, ਕੰਗਨਾ ਰਣੌਤ ਨੂੰ ਆਈਟੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਅਰੁਣ ਗੋਵਿਲ ਨੂੰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਅਤੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਾਨੂੰਨ ਤੇ ਨਿਆਂ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ