Jammu News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ਿਵ ਖੋੜੀ ਮੰਦਿਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ‘ਤੇ ਜੂਨ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਅੱਜ ਸਵੇਰੇ ਰਾਜੌਰੀ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਸੱਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸਾਰੀਆਂ ਥਾਵਾਂ ’ਤੇ ਤਲਾਸ਼ੀ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 9 ਜੂਨ ਨੂੰ ਅੱਤਵਾਦੀਆਂ ਵੱਲੋਂ ਬੱਸ ‘ਤੇ ਕੀਤੀ ਗਈ ਗੋਲੀਬਾਰੀ ’ਚ ਜੰਮੂ-ਕਸ਼ਮੀਰ ਤੋਂ ਬਾਹਰੋਂ ਆਏ 7 ਸ਼ਰਧਾਲੂਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 41 ਲੋਕ ਜ਼ਖਮੀ ਹੋ ਗਏ ਸਨ। ਸ਼ਿਵ ਖੋੜੀ ਮੰਦਰ ਤੋਂ ਕਟੜਾ ਜਾ ਰਹੀ ਬੱਸ ਰਿਆਸੀ ਦੇ ਪੌਣੀ ਇਲਾਕੇ ਦੇ ਤ੍ਰਯਾਠ ਪਿੰਡ ਨੇੜੇ ਗੋਲੀਬਾਰੀ ਦੀ ਲਪੇਟ ‘ਚ ਆਉਣ ਕਾਰਨ ਸੜਕ ਤੋਂ ਫਿਸਲ ਗਈ ਅਤੇ ਡੂੰਘੀ ਖਾਈ ‘ਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਰਾਜਸਥਾਨ ਦਾ ਇੱਕ ਦੋ ਸਾਲਾ ਬੱਚਾ ਅਤੇ ਉੱਤਰ ਪ੍ਰਦੇਸ਼ ਦਾ ਇੱਕ 14 ਸਾਲਾ ਲੜਕਾ ਵੀ ਸ਼ਾਮਲ ਸੀ।
17 ਜੂਨ ਨੂੰ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਹਮਲੇ ਦਾ ਮਾਮਲਾ ਐਨਆਈਏ ਨੂੰ ਸੌਂਪ ਦਿੱਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਰਾਜੌਰੀ ਦੇ ਹਾਕਮ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਸ਼ ਹੈ ਕਿ ਹਾਕਮ ਨੇ ਅੱਤਵਾਦੀਆਂ ਨੂੰ ਭੋਜਨ, ਪਨਾਹ ਅਤੇ ਰਸਦ ਮੁਹੱਈਆ ਕਰਵਾਇਆ ਸੀ ਅਤੇ ਹਮਲੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕਰਨ ‘ਚ ਅੱਤਵਾਦੀਆਂ ਦੀ ਮਦਦ ਕੀਤੀ ਸੀ। 30 ਜੂਨ ਨੂੰ, ਐਨਆਈਏ ਨੇ ਰਾਜੌਰੀ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਓਵਰਗਰਾਉਂਡ ਵਰਕਰਾਂ ਨਾਲ ਜੁੜੇ ਪੰਜ ਸਥਾਨਾਂ ‘ਤੇ ਤਲਾਸ਼ੀ ਲਈ ਸੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ