Ottawa News: ਕੈਨੇਡਾ ਦੀ ਸੰਸਦ ਵਿਚ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਵੱਲੋਂ ਜਸਟਿਨ ਟਰੂਡੋ ਸਰਕਾਰ ਖਿਲਾਫ ਪੇਸ਼ ਕੀਤਾ ਬੇਭਰੋਸਗੀ ਮਤੇ ਤੇ ਅੱਜ ਵੋਟਿੰਗ ਹੋਈ। ਜਿਸ ਨੂੰ ਲਿਬਰਲ ਸਰਕਾਰ ਨੇ ਜਿੱਤ ਲਿਆ ਹੈ। ਮਤਲਬ ਮਤੇ ਦੇ ਹੱਕ ਵਿਚ 211 ਵੋਟਾਂ ਪਈਆਂ ਜਦੋਂ ਕਿ ਇਸਦੇ ਵਿਰੋਧ ਵਿਚ 120 ਵੋਟਾਂ ਪਈਆਂ।
ਖੱਬੇਪੱਖੀ ਐਨ. ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀਆਂ ਵੱਲੋਂ ਬੇਭਰੋਸਗੀ ਮਤੇ ਦਾ ਵਿਰੋਧ ਕਰਕੇ ਅਸਿੱਧੇ ਰੂਪ ‘ਚ ਲਿਬਰਲ ਸਰਕਾਰ ਨੂੰ ਚਲਦਾ ਰੱਖਣ ਦੀ ਹਰੀ ਝੰਡੀ ਦੀ ਦਿੱਤੀ ਹੈ। ਪਰ ਬਲਾਕ ਕਿਊਬੈੱਕ ਵੱਲੋਂ ਟਰੂਡੋ ਸਰਕਾਰ ਅੱਗੇ ਆਪਣੇ ਦੋ ਬਿੱਲਾਂ ਨੂੰ ਪਾਸ ਕਰਨ ਦੀ ਸ਼ਰਤ ਵੀ ਰੱਖ ਗਈ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਟਰੂਡੋ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ।
ਫਿਲਹਾਲ ਟਰੂਡੋ ਸਰਕਾਰ ਪਹਿਲੇ ਸਿਆਸੀ ਸੰਕਟ ‘ਚੋਂ ਵਾਲ-ਵਾਲ ਬਚ ਜਰੂਰ ਹੈ ਪਰ ਆਉਣ ਵਾਲੇ ਸਮੇਂ ‘ਚ ਲਿਬਰਲ ਸਰਕਾਰ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਇਆਂ ਹਨ। ਕਿਉਕਿ ਜਿਥੇ ਬਲਾਕ ਕਿਊਬੈੱਕ ਨੇ ਟਰੂਡੋ ਸਰਕਾਰ ਨੂੰ ਆਪਣੇ ਸੀਨੀਅਰ ਸਿਟੀਜ਼ਨ ਪੈਨਸ਼ਨ ‘ਚ ਵਾਧੇ ਦੇ ਬਿੱਲ C-319 ਨੂੰ ਪਾਸ ਕਰਨ ਦਾ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਉਥੇ ਜਗਮੀਤ ਸਿੰਘ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਵਲ ਉਨ੍ਹਾਂ ਮੁੱਦਿਆਂ ‘ਤੇ ਸਰਕਾਰ ਦਾ ਸਮਰਥਨ ਕਰੇਗੀ ਜੋ ਉਹਨਾਂ ਦੀ ਪਾਰਟੀ ਦੀਆਂ ਨੀਤੀਆਂ ਦੇ ਅਨੁਕੂਲ ਹੋਣ।
ਦੱਸ ਦਇਏ ਕਿ ਬੈਭਰੋਸਗੀ ਦਾ ਮਤਾ ਕਜ਼ੰਰਵੇਟਿਵ ਆਗੂ ਪੀਅਰ ਪੋਲੀਏਵਰ ਵੱਲੋਂ ਟਰੂਡੋ ਸਰਕਾਰ ਵੱਲੋਂ ਲਗਾਏ ਕਾਰਬਨ ਟੈਕਸ ਨੂੰ ਲੈ ਲਿਆਂਦਾ ਗਿਆ ਸੀ ਅਤੇ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਚਲਦਾ ਕਰਨ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਕੈਨੇਡਾ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਦਾ ਇਸ ਮਤੇ ਦੇ ਹੱਕ ‘ਚ ਸਮਰਥਨ ਵੀ ਮੰਗਿਆ ਸੀ ਪਰ ਐਨ.ਡੀ.ਪੀ ਅਤੇ ਬਲਾਕ ਕਿਊਬੈੱਕ ਪਾਰਟੀ ਵੱਲੋਂ ਪੀਅਰ ਪੋਲੀਏਵਰ ਦੇ ਉਕਤ ਮਤੇ ਨੂੰ ਸਮਰਥਨ ਨਾ ਦੇਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਟਰੂਡੋ ਸਰਕਾਰ ਨੂੰ ਡੇਗ ਕਿ ਚੋਣਾਂ ਕਰਵਾਉਣ ਦੀ ਬਜਾਏ ਆਪੋ-ਆਪਣੀ ਪਾਰਟੀ ਦੀਆਂ ਨੀਤੀਆਂ ਦੇ ਫੈਸਲੇ ਲਾਗੂ ਕਰਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣਗੇ।
ਗੌਰਯੋਗ ਹੈ ਕਿ ਬੇਭਰੋਸਗੀ ਮਤੇ ‘ਤੇ ਵੋਟਾਂ ਪੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਏਵਰ ਦਰਮਿਆਨ ਸੰਸਦ ‘ਚ ਤਿੱਖੀ ਬਹਿਸ ਹੋਈ।ਵਿਰੋਧੀ ਧਿਰ ਕੰਜ਼ਰਵੇਟਿਵ ਦੇ ਆਗੂ ਪੀਅਰ ਪੋਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਕੈਨੇਡੀਅਨ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕਾਰਬਨ ਟੈਕਸ ਵਾਂਗ ਕਈ ਗੈਰ-ਵਾਜ਼ਬ ਟੈਕਸ ਲਗਾਉਣ ਦਾ ਦੋਸ਼ ਲਾਇਆ। ਦੂਜੇ ਪਾਸੇ ਜਸਟਿਨ ਟਰੂਡੋ ਨੇ ਜਵਾਬ ਵਿੱਚ ਕਿਹਾ ਕਿ ਵਿਰੋਧੀ ਧਿਰ ਦੇ ਪੋਲੀਏਵਰ ਕੇਵਲ ਸਿਆਸੀ ਇੱਛਾ ਤਹਿਤ ਜ਼ਲਦੀ ਚੋਣਾਂ ਕਰਵਾਉਣ ਲਈ ਕਾਹਲੇ ਹਨ , ਉਹਨਾਂ ਦੀ ਕੈਨੇਡੀਅਨ ਲੋਕਾਂ ਦੇ ਭਲੇ ‘ਚ ਕੋਈ ਦਿਲਚਸਪੀ ਨਹੀਂ ਹੈ।
ਜਿਕਰਯੋਗ ਹੈ ਕਿ ਕੈਨੇਡਾ ਦੀ ਵੈਸਟਮਿੰਸਟਰ ਸੰਸਦੀ ਪ੍ਰਣਾਲੀ ਵਿੱਚ, ਇੱਕ ਸੱਤਾਧਾਰੀ ਪਾਰਟੀ ਨੂੰ ਹਾਊਸ ਆਫ਼ ਕਾਮਨਜ਼ ਦੇ ਭਰੋਸੇ ਦੀ ਕਮਾਂਡ ਕਰਨੀ ਚਾਹੀਦੀ ਹੈ, ਮਤਲਬ ਕਿ ਇਸ ਨੂੰ ਬਹੁਮਤ ਮੈਂਬਰਾਂ ਦਾ ਸਮਰਥਨ ਕਾਇਮ ਰੱਖਣਾ ਚਾਹੀਦਾ ਹੈ। ਫਿਲਹਾਲ ਲਿਬਰਲਾਂ ਕੋਲ ਇਸ ਵੇਲੇ 153 ਸੀਟਾਂ ਹਨ, ਜਦੋਂ ਕਿ ਕੰਜ਼ਰਵੇਟਿਵ ਕੋਲ 119, ਬਲਾਕ ਕਿਊਬੇਕੋਇਸ ਕੋਲ 33 ਅਤੇ ਐਨਡੀਪੀ ਕੋਲ 25 ਹਨ।