Chandigarh News: ਪੰਜਾਬ ਦੀਆਂ 13,237 ਪੰਚਾਇਤਾਂ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਚਾਇਤੀ ਚੋਣਾਂ ਲਈ ਸ਼ੁੱਕਰਵਾਰ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ ਹਨ। ਇਸ ਲਈ ਵੋਟਿੰਗ 15 ਅਕਤੂਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਸ਼ਾਮ 4 ਵਜੇ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਖਤ ਸੰਕੇਤ ਦਿੱਤੇ ਕਿ ਇਸ ਵਾਰ ਚੋਣਾਂ ਦੌਰਾਨ ਮਨਮਰਜ਼ੀਆਂ ਨਹੀਂ ਚੱਲਣਗੀਆਂ।
ਪੰਚਾਇਤ ਚੋਣਾਂ ਦਾ ਹੋਇਆ ਐਲਾਨ !
15 ਅਕਤੂਬਰ ਨੂੰ ਪੈਣਗੀਆਂ ਵੋਟਾਂ
– ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ਼ ਲਾਗੂ
– ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 27 ਸਤੰਬਰ ਤੋਂ
– ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 4 ਅਕਤੂਬਰ
– ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ
– ਸਰਪੰਚੀ ਦੇ ਉਮੀਦਵਾਰ ਲਈ ਖ਼ਰਚੇ ਦੀ ਹੱਦ 40 ਹਜ਼ਾਰ ਰੁਪਏ… pic.twitter.com/8TNOGv7S8p— AAP Punjab (@AAPPunjab) September 26, 2024
ਇਸ ਵਾਰ ਚੋਣ ਕਮਿਸ਼ਨ ਨੇ ਸਰਪੰਚ ਅਤੇ ਪੰਚ ਉਮੀਦਵਾਰਾਂ ਲਈ ਖਰਚੇ ਦੀ ਹੱਦ ਤੈਅ ਕੀਤੀ ਹੈ ਅਤੇ ਕਿਹਾ ਹੈ ਕਿ ਵੱਧ ਖਰਚ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪੰਜਾਬ ‘ਚ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਜਾਣਗੀਆਂ। ਚੋਣਾਂ ਦੌਰਾਨ ਡਰਾਈ ਡੇਅ ਵੀ ਐਲਾਨਿਆ ਜਾਵੇਗਾ।
ਚੋਣਾਂ ਵਿੱਚ ਖਰਚੇ ਦੀ ਇੱਕ ਸੀਮਾ ਹੁੰਦੀ ਹੈ। ਬੇਸ਼ੱਕ ਇਸ ਵਿੱਚ ਪਹਿਲਾਂ ਨਾਲੋਂ ਵਾਧਾ ਕੀਤਾ ਗਿਆ ਹੈ ਪਰ ਇਸ ਵਾਰ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸਰਪੰਚ ਦੇ ਅਹੁਦੇ ਲਈ ਉਮੀਦਵਾਰ ਚੋਣ ਵਿੱਚ 40 ਹਜ਼ਾਰ ਰੁਪਏ ਖਰਚ ਕਰ ਸਕਣਗੇ, ਦਸ ਦਇਏ ਕਿ ਇਹ ਖਰਚ ਪਹਿਲਾਂ 30 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਪੰਚ ਦੇ ਅਹੁਦੇ ਲਈ ਉਮੀਦਵਾਰ 30 ਹਜ਼ਾਰ ਰੁਪਏ ਖਰਚ ਕਰ ਸਕਣਗੇ, ਜੋ ਪਹਿਲਾਂ 20 ਹਜ਼ਾਰ ਰੁਪਏ ਤੈਅ ਸੀ। ਡੀਸੀ ਵੱਲੋਂ ਚੋਣ ਖਰਚਿਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਨਾਮਾਂਕਣ ਫੀਸ 100 ਰੁਪਏ ਤੈਅ ਕੀਤੀ ਗਈ ਹੈ, ਜਦੋਂ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਇਹ ਦਾਖਲਾ ਫੀਸ 50 ਰੁਪਏ ਹੋਵੇਗੀ। ਚੋਣਾਂ ਦੌਰਾਨ 96 ਹਜ਼ਾਰ ਸਟਾਫ਼ ‘ਡਿਊਟੀ’ ‘ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 23 ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਵੀ ਸੁਪਰਵਾਈਜ਼ਰ ਵਜੋਂ ਨਿਯੁਕਤ ਕੀਤਾ ਜਾਵੇਗਾ। ਚੋਣ ਸਬੰਧੀ ਹਰ ਤਰ੍ਹਾਂ ਦੇ ਫਾਰਮ ਕਮਿਸ਼ਨ ਦੀ ਵੈੱਬਸਾਈਟ ‘www.sec.punjab.gov.in’ ‘ਤੇ ਅਪਲੋਡ ਕਰ ਦਿੱਤੇ ਗਏ ਹਨ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਵੱਖਰਾ ਚੋਣ ਜ਼ਾਬਤਾ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਚੋਣਾਂ ਵਿੱਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਇਹ ਸਿਰਫ਼ ਗ੍ਰਾਮ ਪੰਚਾਇਤਾਂ ‘ਤੇ ਹੀ ਲਾਗੂ ਹੋਵੇਗਾ। ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ‘ਤੇ ਚੋਣ ਜ਼ਾਬਤਾ ਲਾਗੂ ਨਹੀਂ ਹੋਵੇਗਾ। ਚੋਣ ਲੜਨ ਲਈ ਘੱਟੋ-ਘੱਟ ਉਮਰ 25 ਸਾਲ ਰੱਖੀ ਗਈ ਹੈ।
ਦੱਸ ਦੇਈਏ ਕਿ ਫਰਵਰੀ ਮਹੀਨੇ ਵਿੱਚ ਪੰਚਾਇਤੀ ਕਾਰਜਕਾਲ ਖਤਮ ਹੋ ਗਿਆ ਸੀ ਪਰ ਚੋਣਾਂ ਨਾ ਹੋਣ ਕਾਰਨ ਗ੍ਰਾਮ ਪੰਚਾਇਤਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਪੰਚਾਇਤਾਂ ਨੇ ਚੋਣਾਂ ਕਰਵਾਉਣ ਸਬੰਧੀ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ।