Bollywood News: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਕੁਝ ਕਟੌਤੀਆਂ ਕਰਨ ਤੋਂ ਬਾਅਦ ਰਿਲੀਜ਼ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਕੰਗਨਾ ਦੀ ਫਿਲਮ ਐਮਰਜੈਂਸੀ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਸੈਂਸਰ ਬੋਰਡ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਇਸ ਦੀ ਰਿਲੀਜ਼ ਅਟਕ ਗਈ। ਕੰਗਨਾ ਰਣੌਤ ਦਾ ਦੋਸ਼ ਹੈ ਕਿ ਸੈਂਸਰ ਬੋਰਡ ਫਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕਰ ਰਿਹਾ ਹੈ ਅਤੇ ਫਿਲਮ ਦੀ ਰਿਲੀਜ਼ ਵਿੱਚ ਦੇਰੀ ਕਰ ਰਿਹਾ ਹੈ।
ਕੰਗਨਾ ਰਣੌਤ ਨੇ ਨਾ ਸਿਰਫ ਇਸ ਫਿਲਮ ‘ਚ ਕੰਮ ਕੀਤਾ ਹੈ ਸਗੋਂ ਇਸ ਫਿਲਮ ਦੀ ਬਰੌਤ ਸਹਿ-ਨਿਰਮਾਤਾ ਵਜੋਂ ਵੀ ਕੰਮ ਕੀਤਾ ਹੈ। ਦਸ ਦਇਏ ਕਿ ਫਿਲਮ ‘ਚ ਕੰਗਨਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਉਠਾਇਆ ਸੀ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਇਨ੍ਹਾਂ ਜਥੇਬੰਦੀਆਂ ਦਾ ਦੋਸ਼ ਹੈ ਕਿ ਫਿਲਮ ਵਿੱਚ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕਈ ਇਤਿਹਾਸਕ ਤੱਥਾਂ ਨੂੰ ਗਲਤ ਵਿਖਾਇਆ ਗਿਆ ਹੈ।
ਦਸਣਯੋਗ ਹੈ ਕਿ ਕੰਗਨਾ ਰਣੌਤ ਨਾਲ ਫਿਲਮ ਬਣਾਉਣ ਵਾਲੀ ਜ਼ੀ ਐਂਟਰਟੇਨਮੈਂਟ ਨੇ ਫਿਲਮ ਦੀ ਰਿਲੀਜ਼ ਨਾ ਹੋਣ ਦੇ ਖਿਲਾਫ ਬੰਬੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਜ਼ੀ ਐਂਟਰਟੇਨਮੈਂਟ ਨੇ ਦਾਅਵਾ ਕੀਤਾ ਕਿ ਸੀਬੀਐਫਸੀ ਨੇ ਫਿਲਮ ਦਾ ਸਰਟੀਫਿਕੇਟ ਬਣਾ ਲਿਆ ਹੈ, ਪਰ ਇਸ ਨੂੰ ਰਿਲੀਜ਼ ਨਹੀਂ ਕਰ ਰਿਹਾ ਹੈ। ਜ਼ੀ ਐਂਟਰਟੇਨਮੈਂਟ ਦਾ ਦੋਸ਼ ਹੈ ਕਿ ਸਿਆਸੀ ਕਾਰਨਾਂ ਅਤੇ ਹਰਿਆਣਾ ਚੋਣਾਂ ਕਾਰਨ ਫਿਲਮ ਦਾ ਸਰਟੀਫਿਕੇਟ ਰੋਕਿਆ ਗਿਆ ਹੈ।
ਅਪੀਲ ‘ਤੇ ਬੰਬੇ ਹਾਈ ਕੋਰਟ ਨੇ ਸੀਬੀਐਫਸੀ (ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ) ਤੋਂ ਜਵਾਬ ਮੰਗਿਆ ਸੀ। ਹਾਈ ਕੋਰਟ ਨੇ ਸੀਬੀਐਫਸੀ ਨੂੰ ਜਵਾਬ ਦੇਣ ਲਈ 25 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਹੁਣ CBFC ਨੇ ਆਪਣੇ ਜਵਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਫਿਲਮ ਨੂੰ ਕੁਝ ਕਟੌਤੀਆਂ ਨਾਲ ਰਿਲੀਜ਼ ਕੀਤਾ ਜਾ ਸਕਦਾ ਹੈ, ਜੋ ਕਿ ਕੰਗਨਾ ਰਣੌਤ ਅਤੇ ਜ਼ੀ ਐਂਟਰਟੇਨਮੈਂਟ ਲਈ ਰਾਹਤ ਦੀ ਖਬਰ ਹੈ।
ਸੀਬੀਐਫਸੀ ਦੇ ਵਕੀਲ ਅਭਿਨਵ ਚੰਦਰਚੂੜ ਨੇ ਅਦਾਲਤ ਨੂੰ ਦੱਸਿਆ ਕਿ ਬੋਰਡ ਦੀ ਸਮੀਖਿਆ ਕਮੇਟੀ ਨੇ ਫ਼ਿਲਮ ਬਾਰੇ ਫ਼ੈਸਲਾ ਲਿਆ ਹੈ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਫਿਲਮ ਨੂੰ ਕੁਝ ਕਟੌਤੀਆਂ ਨਾਲ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ‘ਤੇ ਜ਼ੀ ਐਂਟਰਟੇਨਮੈਂਟ ਦੀ ਤਰਫੋਂ ਪੇਸ਼ ਹੋਏ ਵਕੀਲ ਸ਼ਰਨ ਜਗਤਿਆਨੀ ਨੇ ਅਦਾਲਤ ਤੋਂ ਕੁਝ ਸਮਾਂ ਮੰਗਿਆ ਹੈ ਤਾਂ ਜੋ ਫੈਸਲਾ ਲਿਆ ਜਾ ਸਕੇ ਕਿ ਕਟੌਤੀ ਕੀਤੀ ਜਾ ਸਕਦੀ ਹੈ ਜਾਂ ਨਹੀਂ। ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਸੁਣਵਾਈ 30 ਸਤੰਬਰ ਤੱਕ ਟਾਲ ਦਿੱਤੀ ਹੈ।