Chandigarh News: ਸੀਐਮ ਭਗਵੰਤ ਮਾਨ ਦੀ ਹਾਲਤ ਸਥਿਰ ਹੈ। ਉਹ ਇਸ ਵਕਤ ਮੋਹਾਲੀ ਦੇ ਫੋਰਟਿਸ ਦੇ ਹਸਪਤਾਲ ਵਿੱਚ ਦਾਖਲ ਹਨ। ਫਿਲਹਾਲ ਡਾਕਟਰਾਂ ਸੀਐਮ ਮਾਨ ਨੂੰ ਜਾਂਚ ਲਈ ਹਸਪਤਾਲ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਦਸ ਦਇਏ ਕਿ CM ਮਾਨ ਪਿਛਲੇ ਦੋ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਵਿਭਾਗ ਦੇ ਮੁਖੀ ਡਾ. ਆਰਕੇ ਜਸਵਾਲ ਨੇ ਸੀਐਮ ਮਾਨ ਦੀ ਸਿਹਤ ਨਾਲ ਸਬੰਧਤ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਟੈਸਟ ਕਰਵਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ’ਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਵਧ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ ਹੈ।
ਫ਼ਿਲਹਾਲ ਮੁੱਖ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ। ਦਿਲ ਦੇ ਟੈਸਟਾਂ ਅਤੇ ਜਾਂਚ ਦੇ ਨਤੀਜੇ ਮਿਲਣ ਤੋਂ ਬਾਅਦ ਹੀ ਡਾਕਟਰ ਅੱਗੋਂ ਦਾ ਫ਼ੈਸਲਾ ਲੈਣਗੇ। ਉਨ੍ਹਾਂ ਮੁੱਕ ਮੰਤਰੀ ਮਾਨ ਦੀ ਹਾਲਤ ਵਿੱਚ ਜਲਦ ਸੁਧਾਰ ਦੀ ਉਮੀਦ ਜਤਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੀਐਮ ਮਾਨ ਫੋਨ ’ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਪਟਿਆਲਾ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (ਆਰਜੀਐੱਨਯੂਐਲ) ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਵਿਦਿਆਰਥੀਆਂ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਕਾਰਨ ਕਰਕੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਹਰ ਕੀਮਤ ’ਤੇ ਇਨਸਾਫ਼ ਦਿਵਾਇਆ ਜਾਵੇਗਾ।
ਦਸ ਦਇਏ ਕਿ ਵੀਰਵਾਰ ਨੂੰ ਸੀਐਮ ਭਗਵੰਤ ਮਾਨ ਨੂੰ ਫੇਫੜਿਆਂ ਵਿੱਚ ਸੂਜਨ ਦੀ ਗੱਲ ਸਾਹਮਣੇ ਆਈ ਸੀ। ਜਿਸ ਦੇ ਚਲਦੇ ਉਨ੍ਹਾਂ ਦੇ ਦਿਲ ਤੇ ਦਬਾਅ ਵੱਧ ਗਿਆ ਸੀ। ਅਤੇ ਬਲੱਡ ਪ੍ਰੈਸ਼ਰ ਘੱਟ ਵੱਧ ਹੋਣ ਲੱਗਾ ਸੀ।