Chandigarh News: ਹਰਿਆਣਾ ਪੁਲਿਸ ਨੇ ਸਿਰਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰ ਗੋਕੁਲ ਸੇਤੀਆ ਦੀ ਸੁਰੱਖਿਆ ਵਧਾ ਦਿੱਤੀ ਹੈ। ਗੋਕੁਲ ਸੇਤੀਆ ਨੇ ਬੰਬੀਹਾ ਗੈਂਗ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।
ਗੋਕੁਲ ਸੇਤੀਆ ਨੂੰ ਕਰੀਬ ਇੱਕ ਸਾਲ ਪਹਿਲਾਂ ਧਮਕੀ ਮਿਲੀ ਸੀ। ਵਿਦੇਸ਼ ਤੋਂ ਫੋਨ ਕਰਨ ਵਾਲੇ ਨੇ ਇਕ ਮਸ਼ਹੂਰ ਗੈਂਗਸਟਰ ਹੋਣ ਦਾ ਦਾਅਵਾ ਕਰਦੇ ਹੋਏ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਗੋਕੁਲ ਨੇ ਸਿਰਸਾ ਦੇ ਐਸਪੀ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਅਤੇ ਪਰਿਵਾਰ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਕਾਂਗਰਸ ‘ਚ ਸ਼ਾਮਲ ਹੁੰਦੇ ਹੀ ਉਨ੍ਹਾਂ ਦੀ ਗੈਂਗਸਟਰ ਗੋਲਡੀ ਬਰਾੜ ਨਾਲ ਫੋਟੋ ਵਾਇਰਲ ਹੋਈ ਸੀ। ਗੋਲਡੀ ਨਾਲ ਗੋਕੁਲ ਸੇਤੀਆ ਦੀਆਂ 5 ਤਸਵੀਰਾਂ ਵਾਇਰਲ ਹੋਈਆਂ ਸਨ। ਫੋਟੋ ਵਾਇਰਲ ਹੋਣ ‘ਤੇ ਗੋਕੁਲ ਸੇਤੀਆ ਨੇ ਕਿਹਾ ਸੀ ਕਿ ਉਹ ਕਾਲਜ ‘ਚ ਇਕੱਠੇ ਪੜ੍ਹਦੇ ਸਨ। ਹੁਣ ਕੋਈ ਲਿੰਕ ਨਹੀਂ ਹਨ।ਦਸ ਦਇਏ ਕਿ ਗੋਕੁਲ ਸੇਤੀਆ ਦਾ ਪਰਿਵਾਰ ਪੁਰਾਣਾ ਕਾਂਗਰਸੀ ਹੈ ਅਤੇ ਉਨ੍ਹਾਂ ਦੇ ਨਾਨਾ ਲਕਸ਼ਮਣ ਦਾਸ ਅਰੋੜਾ ਕਾਂਗਰਸ ਵਿੱਚ ਸਨ ਅਤੇ 5 ਵਾਰ ਵਿਧਾਇਕ ਰਹੇ ਹਨ।
ਸੇਤੀਆ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਨੂੰ ਦੋ ਵਾਧੂ ਗੰਨਮੈਨ ਦਿੱਤੇ ਗਏ ਹਨ। ਪੁਲਸ ਹੈੱਡਕੁਆਰਟਰ ਦੇ ਡਿਪਟੀ ਸੁਪਰਡੈਂਟ ਸੁਭਾਸ਼ ਚੰਦ ਨੇ ਥਾਣਾ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਗੰਨਮੈਨ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਡੀ.ਐਸ.ਪੀ ਨੇ ਪੁਲਿਸ ਮੁਲਾਜ਼ਮਾਂ ਨੂੰ ਸੇਤੀਆ ਰਿਹਾਇਸ਼ ਦੇ ਆਲੇ-ਦੁਆਲੇ ਲਗਾਤਾਰ ਗਸ਼ਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਪੁਲਿਸ ਵਿਭਾਗ ਵੱਲੋਂ ਦੋ ਵਾਧੂ ਗੰਨਮੈਨ ਆਰਜ਼ੀ ਤੌਰ ’ਤੇ ਦਿੱਤੇ ਗਏ ਹਨ। ਗੋਕੁਲ ਸੇਤੀਆ ਕੋਲ ਪਹਿਲਾਂ 3 ਗੰਨਮੈਨ ਸਨ ਅਤੇ ਹੁਣ ਇਨ੍ਹਾਂ ਦੀ ਗਿਣਤੀ 5 ਹੋ ਗਈ ਹੈ।
ਹਿੰਦੂਸਥਾਨ ਸਮਾਚਾਰ