New Delhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਖਵੇਂਕਰਨ ‘ਤੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਹੋ ਰਹੀ ਆਲੋਚਨਾ ਦਰਮਿਆਨ ਅੱਜ ਕਿਹਾ ਕਿ ਬਹੁਜਨ ਵਿਰੋਧੀ ਭਾਜਪਾ ਚਾਹੇ ਕਿੰਨਾ ਵੀ ਝੂਠ ਫੈਲਾ ਲਵੇ, ਅਸੀਂ ਰਾਖਵੇਂਕਰਨ ’ਤੇ ਆਂਚ ਨਹੀਂ ਆਉਣ ਦੇਵਾਂਗੇ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਰਾਖਵੇਂਕਰਨ ਨੂੰ ਲੈ ਕੇ ਬਿਆਨ ਦਿੱਤਾ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਇਸ ਨੂੰ ਮੁੱਦਾ ਬਣਾ ਰਹੀ ਹੈ ਅਤੇ ਕਾਂਗਰਸ ਨੂੰ ਰਾਖਵਾਂਕਰਨ ਵਿਰੋਧੀ ਦੱਸ ਰਹੀ ਹੈ।
ਅੱਜ ‘ਐਕਸ’ ‘ਤੇ ਇਕ ਪੋਸਟ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਰਾਖਵੇਂਕਰਨ ਦੇ ਮੁੱਦੇ ’ਤੇ ਆਂਚ ਤੱਕ ਨਹੀਂ ਆਉਣ ਦੇਵਾਂਗੇ। ਵਿਸਥਾਰਤ ਜਾਤੀਗਤ ਜਨਗਣਨਾ ਅਤੇ ਰਾਖਵੇਂਕਰਨ ’ਤੇ ਲੱਗੀ 50 ਫੀਸਦੀ ਸੀਮਾ ਨੂੰ ਹਟਾ ਕੇ ਹਰ ਵਰਗ ਨੂੰ ਉਨ੍ਹਾਂ ਦਾ ਅਧਿਕਾਰ, ਹਿੱਸੇਦਾਰੀ ਅਤੇ ਨਿਆਂ ਮਿਲਣ ਤੱਕ ਅਸੀਂ ਰੁਕਾਂਗੇ ਨਹੀਂ। ਜਾਤੀ ਜਨਗਣਨਾ ਭਵਿੱਖ ਦਾ ਆਧਾਰ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਜਾਤੀ ਜਨਗਣਨਾ’ ਕਹਿਣ ਤੋਂ ਵੀ ਡਰਦੇ ਹਨ। ਉਹ ਨਹੀਂ ਚਾਹੁੰਦੇ ਕਿ ਬਹੁਜਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ। “ਮੇਰੇ ਲਈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ, ਬਹੁਜਨਾਂ ਨੂੰ ਇਨਸਾਫ਼ ਦਿਵਾਉਣਾ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ।”
ਹਿੰਦੂਸਥਾਨ ਸਮਾਚਾਰ