Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਤੋਂ ਦੂਰ ਰਹੀ ਕੁਮਾਰੀ ਸ਼ੈਲਜਾ ਦੀ ਨਾਰਾਜ਼ਗੀ ਨੂੰ ਕਾਂਗਰਸ ਹਾਈਕਮਾਨ ਨੇ ਹੁਣ ਗੰਭੀਰਤਾ ਨਾਲ ਲਿਆ ਹੈ। ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੂੰ ਮਨਾਉਣ ਵਿੱਚ ਜੁਟੇ ਹੋਏ ਹਨ।
ਚੋਣ ਮੁਹਿੰਮ ਦੀ ਕਮਾਨ ਸੰਭਾਲ ਰਹੇ ਭੁਪਿੰਦਰ ਸਿੰਘ ਹੁੱਡਾ ਨੂੰ ਹਾਈਕਮਾਂਡ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੋਰਨਾਂ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਸ਼ੈਲਜਾ ਵਰਗੇ ਆਗੂਆਂ ਨੂੰ ਚੋਣਾਂ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਹਾਈਕਮਾਂਡ ਨੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਸੀਨੀਅਰ ਆਗੂ ਨੂੰ ਚੋਣਾਂ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਾਂਗਰਸ ਪਰਭਾਰੀ ਦੀਪਕ ਬਾਬਰੀਆ ਨੇ ਵੀ ਇਸ ਬਾਰੇ ਹੁੱਡਾ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸ਼ੈਲਜਾ ਰਾਹੁਲ ਜਾਂ ਪ੍ਰਿਅੰਕਾ ਗਾਂਧੀ ਦੇ ਚੋਣ ਪ੍ਰੋਗਰਾਮ ਦੇ ਮੰਚ ‘ਤੇ ਨਜ਼ਰ ਆਵੇਗੀ ਅਤੇ ਉਸ ਤੋਂ ਬਾਅਦ ਉਹ ਚੋਣ ਪ੍ਰਚਾਰ ‘ਚ ਸ਼ਾਮਲ ਹੋ ਸਕਦੀ ਹੈ।
ਦਸ ਦਇਏ ਕਿ ਬੀਤੇ ਸਪਤਾਹ ਭਾਜਪਾ ਵੱਲੋਂ ਕੁਮਾਰੀ ਸ਼ੈਲਜਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਬੰਧੀ ਬਿਆਨ ਜਾਰੀ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਂਡ ਚੌਕਸ ਹੋ ਗਈ ਹੈ। ਜਾਣਕਾਰੀ ਕਾਂਗਰਸ ਹਾਈਕਮਾਂਡ ਤੱਕ ਪਹੁੰਚ ਰਹੀ ਹੈ ਕਿ ਸ਼ੈਲਜਾ ਦੀ ਚੋਣ ਪ੍ਰਚਾਰ ਤੋਂ ਦੂਰੀ ਵਿਰੋਧੀ ਖੇਮੇ ਵਿੱਚ ਗਲਤ ਸੰਦੇਸ਼ ਦੇ ਰਹੀ ਹੈ। ਸੱਤਾਧਾਰੀ ਧਿਰ ਇਸ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਸ਼ੈਲਜਾ ਨੂੰ ਜਲਦੀ ਨਾ ਮਨਾਇਆ ਗਿਆ ਤਾਂ ਪਾਰਟੀ ‘ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ।
ਜਿਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਹਰਕਤ ਵਿੱਚ ਆ ਗਿਆ ਹੈ। ਬਹੁਤ ਜਲਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਸ਼ੈਲਜਾ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨਗੇ। ਦੂਜੇ ਪਾਸੇ ਇਸ ਸਬੰਧੀ ਹੁੱਡਾ ਨਾਲ ਵੀ ਗੱਲਬਾਤ ਹੋਈ ਹੈ। ਸੰਭਵ ਹੈ ਕਿ ਹੁੱਡਾ ਜਲਦੀ ਹੀ ਸ਼ੈਲਜਾ ਨਾਲ ਮੁਲਾਕਾਤ ਕਰ ਸਕਦੇ ਹਨ।
ਕੁਮਾਰੀ ਸ਼ੈਲਜਾ ਦੇ ਕਰੀਬੀਆਂ ਅਨੁਸਾਰ ਉਹ ਇਸ ਸਮੇਂ ਦਿੱਲੀ ਵਿੱਚ ਹੈ ਅਤੇ ਉੱਥੇ ਰਹਿ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੈ। ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਰਿਆਣਾ ਚੋਣਾਂ ਨਾਲ ਜੁੜੇ ਮੁੱਦਿਆਂ ਨੂੰ ਸਾਂਝਾ ਕਰਦੀ ਸੀ, ਪਰ ਹੁਣ ਉਸ ਨੇ ਇਸ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ, ਉਹ ਹਰਿਆਣਾ ਤੋਂ ਬਾਹਰ ਦੇ ਮੁੱਦੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਹੈ।