Kolkata News:ਲਗਭਗ 24 ਘੰਟੇ ਬੰਦ ਰਹਿਣ ਤੋਂ ਬਾਅਦ ਝਾਰਖੰਡ ਅਤੇ ਪੱਛਮੀ ਬੰਗਾਲ ਵਿਚਕਾਰ ਅੰਤਰਰਾਜੀ ਵਪਾਰ ਲਈ ਟਰੱਕਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਬੰਗਾਲ ਸਰਕਾਰ ਨੇ ਵੀਰਵਾਰ ਸ਼ਾਮ ਝਾਰਖੰਡ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ ਕਿਉਂਕਿ ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਨੇ ਆਪਣੇ ਡੈਮਾਂ ਤੋਂ ਪਾਣੀ ਛੱਡਿਆ ਸੀ, ਜਿਸ ਕਾਰਨ ਦੱਖਣੀ ਬੰਗਾਲ ਦੇ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਸੀ।
ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ, “ਅੰਤਰਰਾਜੀ ਸਰਹੱਦ ਹੁਣ ਖੁੱਲ੍ਹ ਗਈ ਹੈ ਅਤੇ ਐਨਐਚ-2 ਅਤੇ ਐਨਐਚ-6 ‘ਤੇ ਫਸੇ ਹਜ਼ਾਰਾਂ ਮਾਲ ਟਰੱਕ ਰਵਾਨਾ ਹੋ ਗਏ ਹਨ।”
ਹਾਲਾਂਕਿ ਪੱਛਮੀ ਬੰਗਾਲ ਦੇ ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਸਰਹੱਦ ਖੁੱਲ੍ਹ ਗਈ ਹੈ ਪਰ ਟਰੱਕਾਂ ਦੀ 20-25 ਕਿਲੋਮੀਟਰ ਲੰਬੀ ਕਤਾਰ ਖਤਮ ਹੋਣ ‘ਚ ਸਮਾਂ ਲੱਗੇਗਾ।
ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੱਛਮੀ ਬੰਗਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਐਕਸ ‘ਤੇ ਪੋਸਟ ਕੀਤਾ, ”ਮਮਤਾ ਬੈਨਰਜੀ ਕੇਂਦਰੀ ਗ੍ਰਹਿ ਮੰਤਰਾਲੇ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਝਾਰਖੰਡ ਦੇ ਲੋਕਾਂ ਦੇ ਸੰਗਠਿਤ ਯਤਨਾਂ ਦੇ ਦਬਾਅ ਅੱਗੇ ਝੁਕ ਗਈ ਹੈ, ਜਿਨ੍ਹਾਂ ਨੇ ਝਾਰਖੰਡ ਤੋਂ ਪੱਛਮੀ ਬੰਗਾਲ ‘ਚ ਜਾਣ ਵਾਲੇ ਵਾਹਨਾਂ ਨੂੰ ਰੋਕਣ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ।’
ਉਨ੍ਹਾਂ ਕਿਹਾ, “ਝਾਰਖੰਡ ਤੋਂ ਪੱਛਮੀ ਬੰਗਾਲ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਨੂੰ ਹੁਣ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਮੇਰੇ ਵੱਲੋਂ ਇਹ ਮੁੱਦਾ ਉਠਾਏ ਜਾਣ ਤੋਂ ਬਾਅਦ ਹੀ ਚੀਜ਼ਾਂ ਤੇਜ਼ੀ ਨਾਲ ਵਾਪਰੀਆਂ ਅਤੇ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਗੈਰ-ਕਾਨੂੰਨੀ ਰੁਕਾਵਟ ਨੂੰ ਹਟਾਉਣ ਵਿੱਚ ਮਦਦ ਕੀਤੀ।”
ਅਧਿਕਾਰੀ ਨੇ ਮਮਤਾ ਬੈਨਰਜੀ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ, “ਮਮਤਾ ਬੈਨਰਜੀ ਨੇ ਹਾਲ ਦੇ ਦਿਨ੍ਹਾਂ ਵਿੱਚ ਇੱਕ ਕਦਮ ਅੱਗੇ ਅਤੇ ਚਾਰ ਕਦਮ ਪਿੱਛੇ ਜਾਣ ਦੀ ਆਦਤ ਬਣਾ ਲਈ ਹੈ। ਆਰਜੀ ਕਰ ਹਸਪਤਾਲ ਮਾਮਲੇ ਤੋਂ ਲੈ ਕੇ ਉਨ੍ਹਾਂ ਵੱਲੋਂ ਚੁੱਕੇ ਗਏ ਸਾਰੇ ਕਦਮ ਅਸਫਲ ਸਾਬਤ ਹੋਏ ਹਨ।” ਇਹ ਸਿਰਫ ਸ਼ੁਰੂਆਤ ਹੈ, ਹੁਣ ਤੋਂ ਮਮਤਾ ਬੈਨਰਜੀ ਨੂੰ ਲਗਾਤਾਰ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ।’’
ਹਿੰਦੂਸਥਾਨ ਸਮਾਚਾਰ