New Delhi: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਟ ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਛੇ ਵਿਰੁੱਧ ਦੂਜੀ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਚਾਰਜਸ਼ੀਟ ਪਟਨਾ ਵਿੱਚ ਸੀਬੀਆਈ ਦੇ ਕੇਸਾਂ ਲਈ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀਬੀਆਈ ਅਨੁਸਾਰ, ਇਸ ਦੂਜੀ ਚਾਰਜਸ਼ੀਟ ਵਿੱਚ ਬਲਦੇਵ ਕੁਮਾਰ ਉਰਫ਼ ਚਿੰਟੂ, ਸੰਨੀ ਕੁਮਾਰ, ਡਾ. ਅਹਿਸਾਨੁਲ ਹੱਕ (ਪ੍ਰਿੰਸੀਪਲ, ਓਏਸਿਸ ਸਕੂਲ, ਹਜ਼ਾਰੀਬਾਗ ਅਤੇ ਹਜ਼ਾਰੀਬਾਗ ਦੇ ਸਿਟੀ ਕੋਆਰਡੀਨੇਟਰ), ਮੁਹੰਮਦ ਇਮਤਿਆਜ਼ ਆਲਮ (ਵਾਈਸ-ਪ੍ਰਿੰਸੀਪਲ, ਓਏਸਿਸ ਸਕੂਲ ਅਤੇ ਸੈਂਟਰ ਸੁਪਰਡੈਂਟ), ਜਮਾਲੁੱਦੀਨ ਉਰਫ਼ ਜਮਾਲ (ਹਜ਼ਾਰੀਬਾਗ ਤੋਂ ਇੱਕ ਅਖ਼ਬਾਰ ਦਾ ਰਿਪੋਰਟਰ) ਅਤੇ ਅਮਨ ਕੁਮਾਰ ਸਿੰਘ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 1 ਅਗਸਤ ਨੂੰ ਸੀਬੀਆਈ ਨੇ 13 ਮੁਲਜ਼ਮਾਂ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਸੀਬੀਆਈ ਨੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), ਧਾਰਾ 109 (ਉਕਸਾਉਣਾ), ਧਾਰਾ 409 (ਭਰੋਸਾ ਦੀ ਅਪਰਾਧਿਕ ਉਲੰਘਣਾ), ਧਾਰਾ 420 (ਧੋਖਾਧੜੀ), ਧਾਰਾ 380 (ਚੋਰੀ), ਧਾਰਾ 201 (ਸਬੂਤ ਗਾਇਬ ਕਰਨਾ) ਅਤੇ ਧਾਰਾ 411 (ਬੇਈਮਾਨੀ ਨਾਲ ਚੋਰੀ ਦੀ ਜਾਇਦਾਦ ਪ੍ਰਾਪਤ ਕਰਨਾ) ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਓਏਸਿਸ ਸਕੂਲ ਦੇ ਪ੍ਰਿੰਸੀਪਲ ਡਾ. ਅਹਿਸਾਨੁਲ ਹੱਕ ਅਤੇ ਵਾਈਸ-ਪ੍ਰਿੰਸੀਪਲ ਮੁਹੰਮਦ ਇਮਤਿਆਜ਼ ਆਲਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿੱਚ ਸੋਧਿਆ ਗਿਆ) ਦੀ ਧਾਰਾ 13(2) ਦੇ ਨਾਲ ਪੜ੍ਹੀ ਗਈ ਧਾਰਾ 13(1) (ਏ) ਤਹਿਤ ਠੋਸ ਦੋਸ਼ ਲਗਾਏ ਗਏ ਹਨ।
ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਓਏਸਿਸ ਸਕੂਲ ਦੇ ਪ੍ਰਿੰਸੀਪਲ ਡਾ. ਅਹਿਸਾਨੁਲ ਹੱਕ ਨੇ ਨੀਟ ਯੂਜੀ 2024 ਦੀ ਪ੍ਰੀਖਿਆ ਲਈ ਹਜ਼ਾਰੀਬਾਗ ਦੇ ਸਿਟੀ ਕੋਆਰਡੀਨੇਟਰ ਵਜੋਂ ਉਸੇ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਨੀਟ ਯੂੂਜੀ UG 2024 ਪ੍ਰੀਖਿਆ ਲਈ ਸੈਂਟਰ ਸੁਪਰਡੈਂਟ ਮੁਹੰਮਦ ਇਮਤਿਆਜ਼ ਆਲਮ ਅਤੇ ਹੋਰ ਮੁਲਜ਼ਮਾਂ ਦੇ ਨਾਲ ਮਿਲਕੇ ਪ੍ਰਸ਼ਨ ਪੱਤਰ ਲੀਕ ਕਰਨ ਲਈ ਸਾਜ਼ਿਸ਼ ਰਚੀ ਸੀ।
ਸੀਬੀਆਈ ਮੁਤਾਬਕ ਹੁਣ ਤੱਕ ਇਸ ਨੀਟ ਪੇਪਰ ਲੀਕ ਮਾਮਲੇ ਵਿੱਚ ਕੁੱਲ 48 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੀਬੀਆਈ ਨੇ ਉਨ੍ਹਾਂ ਉਮੀਦਵਾਰਾਂ ਦੀ ਵੀ ਪਛਾਣ ਕਰ ਲਈ ਹੈ ਜੋ ਇਸ ਪੇਪਰ ਲੀਕ ਦੇ ਲਾਭਪਾਤਰੀ ਰਹੇ ਅਤੇ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਦੇ ਵੇਰਵੇ ਨੈਸ਼ਨਲ ਟੈਸਟਿੰਗ ਏਜੰਸੀ ਨਾਲ ਸਾਂਝੇ ਕੀਤੇ ਹਨ। ਸੀਬੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਸਬੰਧੀ ਜਾਂਚ ਅਤੇ ਹੋਰ ਪਹਿਲੂਆਂ ਬਾਰੇ ਹੋਰ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ