New Delhi: ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੱਲੋਂ ਤਿਰੂਪਤੀ ਦੇ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਸਬੰਧੀ ਲਾਏ ਗਏ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ।
ਤਿਰੂਪਤੀ ਦੇ ਲੱਡੂਆਂ ‘ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦਾਅਵਿਆਂ ਤੋਂ ਬਾਅਦ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹੈ। ਹੁਣ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਤਿਰੁਮਾਲਾ ਲੱਡੂ ਪ੍ਰਸਾਦਮ ‘ਚ ਮਿਲਾਵਟ ‘ਤੇ ਮੁੱਖ ਮੰਤਰੀ ਨਾਇਡੂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ ਅਤੇ ਆਂਧਰਾ ਪ੍ਰਦੇਸ਼ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਇਸ ਮਾਮਲੇ ਦੀ ਜਾਂਚ ਕਰੇਗਾ ਅਤੇ ਬਣਦੀ ਕਾਰਵਾਈ ਕਰੇਗਾ। ਨਾਇਡੂ ਨੇ ਦਾਅਵਾ ਕੀਤਾ ਹੈ ਕਿ ਪਿਛਲੀ ਜਗਨ ਮੋਹਨ ਰੈੱਡੀ ਸਰਕਾਰ ਦੌਰਾਨ ਤਿਰੂਪਤੀ ਮੰਦਰ ਦੇ ਲੱਡੂ ਬਣਾਉਣ ਲਈ ਪਸ਼ੂ ਚਰਬੀ ਦਾ ਇਸਤੇਮਾਲ ਕੀਤਾ ਗਿਆ ਸੀ।
ਇਸ ਦਾਅਵੇ ਤੋਂ ਬਾਅਦ ਇਕ ਵੱਡਾ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਹੈ। ਯੁਵਜਨ ਸ਼ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈ.ਐੱਸ.ਆਰ.ਸੀ.ਪੀ.) ਨੇ ਕਿਹਾ ਹੈ ਕਿ ਮੁੱਖ ਮੰਤਰੀ ਰਾਜਨੀਤਕ ਲਾਭ ਲਈ ‘ਨਫ਼ਰਤ ਭਰੇ ਦੋਸ਼’ ਲਗਾ ਰਹੇ ਹਨ, ਜਦੋਂ ਕਿ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਨੇ ਇਸ ਦਾਅਵੇ ਦੇ ਸਮਰਥਨ ‘ਚ ਇਕ ਪ੍ਰਯੋਗਸ਼ਾਲਾ ਰਿਪੋਰਟ ਪ੍ਰਸਾਰਿਤ ਕੀਤੀ ਹੈ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਤੱਕ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨੱਢਾ ਨੇ ਕਿਹਾ,”ਮੈਨੂੰ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ਬਾਰੇ ਪਤਾ ਲੱਗਾ। ਮੈਂ ਅੱਜ ਚੰਦਰਬਾਬੂ ਨਾਇਡੂ ਨਾਲ ਗੱਲ ਕੀਤੀ ਅਤੇ ਪੂਰੀ ਰਿਪੋਰਟ ਭੇਜਣ ਲਈ ਕਿਹਾ।” ਉਨ੍ਹਾਂ ਕਿਹਾ,”ਰਿਪੋਰਟ ਮਿਲਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਗਿਰੀਰਾਜ ਸਿੰਘ ਨੇ ਫਾਂਸੀ ਦੀ ਮੰਗ ਕੀਤੀ
ਦੂਜੇ ਪਾਸੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤਿਰੂਪਤੀ ਪ੍ਰਸਾਦਮ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਲੋੜ ਹੈ। ਸੀਬੀਆਈ ਜਾਂਚ ਕਰੇ ਕਿ ਪ੍ਰਸਾਦਮ ਵਿੱਚ ਵਰਤੇ ਗਏ ਘਿਓ ‘ਤੇ ਕਿੰਨੇ ਪੈਸੇ ਖਰਚ ਕੀਤੇ ਗਏ? ਗਿਰੀਰਾਜ ਸਿੰਘ ਨੇ ਅੱਗੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਹਿੰਦੂ ਧਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ? ਮਾਮਲੇ ਵਿੱਚ ਜੋ ਵੀ ਦੋਸ਼ੀ ਪਾਿਆ ਜਾਏ ਉਸ ਨੂੰ ਫਾੰਸੀ ਦੀ ਸਜ਼ਾ ਮਿਲੇ।