Beirut News: ਬੰਧਕਾਂ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਚੁੱਕੇ ਅੱਤਵਾਦੀ ਸੰਗਠਨ ਹਮਾਸ ਦਾ ਸਮਰਥਨ ਕਰਨ ਵਾਲਾ ਸਭ ਤੋਂ ਖਤਰਨਾਕ ਅੱਤਵਾਦੀ ਸਮੂਹ ਹਿਜ਼ਬੁੱਲਾ ਲੇਬਨਾਨ ਦੇ ਖਿਲਾਫ ਅਪਣਾਈ ਗਈ ਇਜ਼ਰਾਈਲ ਦੀ ਤਾਜ਼ਾ ਰਣਨੀਤੀ ਤੋਂ ਬੁਖਲਾ ਗਿਆ ਹੈ। ਇਸ ਦੇ ਨਤੀਜੇ ਵਜੋਂ ਸਾਲ 2006 ਤੋਂ ਬੰਕਰਾਂ ਵਿੱਚ ਲੁਕੇ 64 ਸਾਲਾ ਹਿਜ਼ਬੁੱਲਾ ਆਗੂ ਹਸਨ ਨਸਰੱਲਾਹ ਨੂੰ ਵੀਰਵਾਰ ਨੂੰ ਅਸਿੱਧੇ ਰੂਪ ਵਿੱਚ ਅੱਗੇ ਆਉਣ ਲਈ ਮਜਬੂਰ ਹੋਣਾ ਪਿਆ। ਉਸਨੇ ਟੈਲੀਵਿਜ਼ਨ ‘ਤੇ ਆਪਣੇ ਕਾਰਕੁੰਨਾਂ ਅਤੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਇਜ਼ਰਾਈਲ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ। ਫਿਰ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਲੇਬਨਾਨ ‘ਤੇ ਬੰਬਾਰੀ ਕਰਕੇ ਮੂੰਹਤੋੜ ਜਵਾਬ ਦਿੱਤਾ।
ਦ ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੱਲਾਹ ਨੇ ਬਦਲਾ ਲੈਣ ਦੀ ਸਹੁੰ ਖਾਣ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ ‘ਤੇ ਭਾਰੀ ਬੰਬਾਰੀ ਕੀਤੀ। ਇਜ਼ਰਾਈਲੀ ਹਮਲਿਆਂ ਨਾਲ ਦੱਖਣੀ ਲੇਬਨਾਨ ਹਿੱਲ ਗਿਆ। ਨਸਰੱਲਾਹ ਨੇ ਟੀਵੀ ਸੰਬੋਧਨ ਵਿੱਚ ਕਿਹਾ ਕਿ ਇਜ਼ਰਾਈਲ ਤੋਂ ਪੇਜਰ ਅਤੇ ਵਾਕੀ-ਟਾਕੀ ਧਮਾਕਿਆਂ ਦਾ ਬਦਲਾ ਲਿਆ ਜਾਵੇਗਾ। ਮੰਗਲਵਾਰ ਅਤੇ ਬੁੱਧਵਾਰ ਨੂੰ ਹੋਏ ਧਮਾਕਿਆਂ ‘ਚ ਘੱਟੋ-ਘੱਟ 37 ਲੋਕ ਮਾਰੇ ਗਏ ਅਤੇ 2,900 ਤੋਂ ਵੱਧ ਜ਼ਖਮੀ ਹੋ ਗਏ ਹਨ।
ਆਪਣੇ ਟੈਲੀਵਿਜਨ ਭਾਸ਼ਣ ’ਚ ਨਸਰੱਲਾਹ ਨੇ ਕਿਹਾ, ‘‘ਦਰਅਸਲ, ਸਾਨੂੰ ਇੱਕ ਗੰਭੀਰ ਅਤੇ ਬੇਰਹਿਮ ਝਟਕਾ ਲੱਗਿਆ ਹੈ। ਨਸਰੱਲਾਹ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਨੂੰ ਸਖ਼ਤ ਜਵਾਬ ਦਿੱਤਾ ਜਾਵੇਗਾ। ਤਿੰਨ ਸੀਨੀਅਰ ਲੇਬਨਾਨੀ ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਇਸ ਤੋਂ ਥੋੜ੍ਹੀ ਦੇਰ ਬਾਅਦ ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਵਿੱਚ 70 ਤੋਂ ਵੱਧ ਹਵਾਈ ਹਮਲੇ ਅਤੇ ਤਾਬੜਤੋੜ ਬੰਬਾਰੀ ਕੀਤੀ। ਵਰਣਨਯੋਗ ਹੈ ਕਿ ਇਜ਼ਰਾਈਲ ਨੇ ਧਮਾਕਿਆਂ ਵਿਚ ਕਿਸੇ ਭੂਮਿਕਾ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਨੂੰ ਈਰਾਨ ਦਾ ਸਮਰਥਨ ਵੀ ਹਾਸਲ ਹੈ। ਨਸਰੱਲਾਹ ਦੀ ਸ਼ੀਆ ਲਹਿਰ ਨੇ 2006 ਵਿੱਚ ਇਜ਼ਰਾਈਲੀ ਫੌਜਾਂ ਵਿਰੁੱਧ ਵਿਨਾਸ਼ਕਾਰੀ ਯੁੱਧ ਲੜਿਆ ਹੈ। ਉਦੋਂ ਤੋਂ ਨਸਰੱਲਾਹ ਨੂੰ ਜਨਤਕ ਤੌਰ ‘ਤੇ ਸ਼ਾਇਦ ਹੀ ਕਰਦੇ ਦੇਖਿਆ ਗਿਆ ਹੈ। ਨਸਰੁੱਲਾਹ ਨੇ ਕੱਲ੍ਹ ਟੈਲੀਵਿਜ਼ਨ ਭਾਸ਼ਣ ਵਿੱਚ ਲੇਬਨਾਨ ਵਿੱਚ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹਿੰਦੂਸਥਾਨ ਸਮਾਚਾਰ