New Delhi: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਨੇ ਮਣੀਪੁਰ ਵਿੱਚ ਸਥਾਈ ਸ਼ਾਂਤੀ ਲਿਆਉਣ ਲਈ ਰੋਡ ਮੈਪ ਤਿਆਰ ਕਰ ਲਿਆ ਹੈ। ਉਮੀਦ ਹੈ ਕਿ ਉੱਥੇ ਜਲਦੀ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ‘ਤੇ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਣੀਪੁਰ ‘ਚ ਲਗਭਗ ਸ਼ਾਂਤੀ ਰਹੀ ਹੈ। ਹਾਲ ਹੀ ’ਚ ਕੁਝ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਦਾ ਮੁੱਖ ਕੇਂਦਰ ਭਾਰਤ-ਮਿਆਂਮਾਰ ਸਰਹੱਦ ਹੈ। ਕੇਂਦਰ ਸਰਕਾਰ ਨੇ ਇਸ ’ਤੇ ਫੈਸਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ 100 ਦਿਨਾਂ ਵਿੱਚ 30 ਕਿਲੋਮੀਟਰ ਤੱਕ ਦੀ ਫੈਸਿੰਗ ਹੋ ਚੁੱਕੀ ਹੈ। ਉੱਤਰ-ਪੂਰਬ ਦੀ 1500 ਕਿਲੋਮੀਟਰ ਸਰਹੱਦ ‘ਤੇ ਫੈਸਿੰਗ ਲਗਾਉਣ ਲਈ ਬਜਟ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਆਂਮਾਰ ਨਾਲ ਆਵਾਜਾਈ ਨਾਲ ਸਬੰਧਤ ਸਮਝੌਤਾ ਇਕਪਾਸੜ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਰਫ਼ ਵੀਜ਼ੇ ਦੇ ਆਧਾਰ ‘ਤੇ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਮਣੀਪੁਰ ਵਿੱਚ ਚੱਲ ਰਹੀ ਹਿੰਸਾ ਨਸਲੀ ਹੈ ਅਤੇ ਸਰਕਾਰ ਇਸਨੂੰ ਰੋਕਣ ਲਈ ਦੋਵਾਂ ਭਾਈਚਾਰਿਆਂ, ਕੁਕੀ ਅਤੇ ਮੈਤੇਈ ਨਾਲ ਗੱਲਬਾਤ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਰਣਨੀਤਕ ਖੇਤਰਾਂ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ। ਇਹ ਯਕੀਨੀ ਬਣਾਉਣ ਲਈ ਕਿ ਰਾਜ ਵਿੱਚ ਜ਼ਰੂਰੀ ਵਸਤਾਂ ਦੀ ਘਾਟ ਕਾਰਨ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਸੁਰੱਖਿਆ ਬਲਾਂ ਨਾਲ ਸਬੰਧਤ ਦੁਕਾਨਾਂ ਅਤੇ ਹੋਰ ਦੁਕਾਨਾਂ ‘ਤੇ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ