New Delhi: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸਵੇਰੇ 10:30 ਵਜੇ ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ਵਿੱਚ ਅੱਠਵੇਂ ਭਾਰਤ ਜਲ ਹਫ਼ਤੇ ਦਾ ਉਦਘਾਟਨ ਕਰਨਗੇ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਅਤੇ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਇਸ ਸਮਾਗਮ ਦੇ ਤਹਿਤ ਭਾਰਤ ਮੰਡਪਮ ‘ਚ ਤਿੰਨ ਦਿਨ ਪਾਣੀ ‘ਤੇ ਚਰਚਾ ਹੋਵੇਗੀ। ਇਹ ਜਾਣਕਾਰੀ ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਵੱਲੋਂ ਜਾਰੀ ਰੀਲੀਜ਼ ਵਿੱਚ ਦਿੱਤੀ ਗਈ ਹੈ।
ਰੀਲੀਜ਼ ਦੇ ਅਨੁਸਾਰ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਅਨੇਕ ਦੇਸ਼ਾਂ ਦੇ ਜਲ ਸਰੋਤ ਖੇਤਰ ਦੇ ਮਾਹਿਰਾਂ ਸਮੇਤ ਵੱਕਾਰੀ ਨੁਮਾਇੰਦਿਆਂ ਦੇ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀ, ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਵਾਨ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜ ਦੇ ਨੁਮਾਇੰਦੇ ਭਾਗ ਲੈਣਗੇ।
ਸਕੱਤਰ (ਜਲ ਸ਼ਕਤੀ) ਦੇਬਾਸ਼੍ਰੀ ਮੁਖਰਜੀ ਨੇ ਕਿਹਾ ਹੈ ਕਿ 8ਵੇਂ ਭਾਰਤ ਜਲ ਹਫ਼ਤੇ- 2024 ਦਾ ਥੀਮ ‘ਸਮਾਵੇਸ਼ੀ ਜਲ ਵਿਕਾਸ ਅਤੇ ਪ੍ਰਬੰਧਨ ਲਈ ਭਾਈਵਾਲੀ ਅਤੇ ਸਹਿਯੋਗ’ ਹੈ। ਇਸ ਦਾ ਮੁੱਖ ਉਦੇਸ਼ ਉਪਲਬਧ ਪਾਣੀ ਦੀ ਸੰਭਾਲ, ਸੁਰੱਖਿਆ ਅਤੇ ਵਰਤੋਂ ਦਾ ਤਰੀਕਾ ਤੈਅ ਕਰਨਾ ਹੈ। ਇਸ ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਅਧਿਐਨ ਟੂਰ ਵੀ ਸ਼ਾਮਲ ਹਨ। ਇਸਦਾ ਉਦੇਸ਼ 21ਵੀਂ ਸਦੀ ਵਿੱਚ ਜਲ ਪ੍ਰਬੰਧਨ ਦੀਆਂ ਜਟਿਲਤਾਵਾਂ ਨੂੰ ਦਰਸਾਉਣਾ ਹੈ।
ਪੱਤਰ ਅਤੇ ਸੂਚਨਾ ਦਫਤਰ ਦੇ ਅਨੁਸਾਰ, ਉਦਘਾਟਨੀ ਸੈਸ਼ਨ ਦੇ ਨਾਲ-ਨਾਲ ਮੰਤਰੀ ਪੱਧਰ ਦੀ ਮੀਟਿੰਗ ਹੋਵੇਗੀ। ਸਾਰੇ ਮੰਤਰੀ ਜਲ ਖੇਤਰ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਗਰਾਮ ਵਿੱਚ ਡੈਨਮਾਰਕ, ਇਜ਼ਰਾਈਲ, ਆਸਟ੍ਰੇਲੀਆ, ਸਿੰਗਾਪੁਰ ਆਦਿ ਦੇਸ਼ਾਂ ਦੇ ਨੁਮਾਇੰਦੇ ਵੀ ਹਾਜ਼ਰ ਹੋਣਗੇ। ਪਾਣੀ ‘ਤੇ ਕੇਂਦਰਿਤ ਖੋਜ ਪੱਤਰ ਪੇਸ਼ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ