Kolkata News: ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਕਾਂਡ ਦੇ ਖਿਲਾਫ ਪਿਛਲੇ 38 ਦਿਨਾਂ ਤੋਂ ਧਰਨੇ ‘ਤੇ ਬੈਠੇੇ ਜੂਨੀਅਰ ਡਾਕਟਰਾਂ ਦੇ ਅੰਦੋਲਨ ਅੱਗੇ ਆਖਰਕਾਰ ਮਮਤਾ ਬੈਨਰਜੀ ਸਰਕਾਰ ਨੂੰ ਝੁਕਣਾ ਪਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਸੋਮਵਾਰ ਰਾਤ ਨੂੰ ਪੰਜ ਘੰਟੇ ਤੱਕ ਚੱਲੀ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਨੇ ਅੰਦੋਲਨਕਾਰੀ ਡਾਕਟਰਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਹਨ। ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਭਰੋਸੇ ’ਤੇ ਅਮਲ ਨਹੀਂ ਹੁੰਦਾ, ਉਹ ਆਪਣੇ ਕੰਮ ਵਾਲੀ ਥਾਂ ‘ਤੇ ਨਹੀਂ ਪਰਤਣਗੇ।
ਮੀਟਿੰਗ ਸੋਮਵਾਰ ਸ਼ਾਮ 7 ਵਜੇ ਸ਼ੁਰੂ ਹੋਈ ਅਤੇ ਅੱਧੀ ਰਾਤ 12 ਵਜੇ ਤੱਕ ਚੱਲੀ। ਮੀਟਿੰਗ ਤੋਂ ਬਾਅਦ ਜੂਨੀਅਰ ਡਾਕਟਰਾਂ ਦਾ ਵਫ਼ਦ ਸਾਲਟ ਲੇਕ ਵਿੱਚ ਧਰਨੇ ਵਾਲੀ ਥਾਂ ’ਤੇ ਪਰਤਿਆ। ਡਾਕਟਰਾਂ ਨੇ ਕਿਹਾ ਕਿ ਮੀਟਿੰਗ ਸਕਾਰਾਤਮਕ ਰਹੀ ਅਤੇ ਸਰਕਾਰ ਨੇ ਉਨ੍ਹਾਂ ਦੇ ਕਈ ਅਹਿਮ ਮੁੱਦਿਆਂ ਨੂੰ ਹੱਲ ਕਰਨ ਵੱਲ ਕਦਮ ਚੁੱਕੇ ਹਨ। ਮਮਤਾ ਬੈਨਰਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਦੀਆਂ 99 ਫੀਸਦੀ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਹਨ, ਹੁਣ ਅਸੀਂ ਹੋਰ ਕੀ ਕਰ ਸਕਦੇ ਹਾਂ?
ਮੁੱਖ ਮੰਤਰੀ ਨੇ ਕਿਹਾ ਕਿ ਜੂਨੀਅਰ ਡਾਕਟਰਾਂ ਦੀਆਂ ਪੰਜ ਮੰਗਾਂ ਵਿੱਚੋਂ ਪਹਿਲੀ ਮੰਗ ਸੀਬੀਆਈ ਅਤੇ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਸਰਕਾਰ ਨੇ ਬਾਕੀ ਚਾਰ ਮੰਗਾਂ ਵਿੱਚੋਂ ਤਿੰਨ ਮੰਗਾਂ ਮੰਨ ਲਈਆਂ ਹਨ। ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੂੰ ਮੰਗਲਵਾਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਿਹਤ ਨਿਰਦੇਸ਼ਕ ਕੌਸਤੁਭ ਨਾਇਕ ਅਤੇ ਸਿਹਤ ਸਿੱਖਿਆ ਨਿਰਦੇਸ਼ਕ ਦੇਵਾਸ਼ੀਸ਼ ਹਲਦਰ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ।
ਜੂਨੀਅਰ ਡਾਕਟਰਾਂ ਦੇ ਨੁਮਾਇੰਦੇ ਨੇ ਧਰਨੇ ਵਾਲੀ ਥਾਂ ’ਤੇ ਕਿਹਾ, ‘‘ਸੂਬਾ ਸਰਕਾਰ ਨੇ ਸਾਡੀਆਂ ਮੰਗਾਂ ਅੱਗੇ ਝੁਕ ਕੇ ਸਾਡੇ ਅੰਦੋਲਨ ਨੂੰ ਜਿੱਤ ਵਜੋਂ ਸਵੀਕਾਰ ਕੀਤਾ ਹੈ। ਇਹ ਸਿਰਫ਼ ਡਾਕਟਰਾਂ ਦੀ ਜਿੱਤ ਨਹੀਂ ਹੈ, ਸਗੋਂ ਇਹ ਆਮ ਲੋਕਾਂ, ਨਰਸਾਂ ਅਤੇ ਸਮੁੱਚੇ ਸਿਹਤ ਭਾਈਚਾਰੇ ਦੀ ਜਿੱਤ ਹੈ। ਦਿੱਤੇ ਭਰੋਸੇ ਨੂੰ ਲਾਗੂ ਕੀਤੇ ਜਾਣ ਤੱਕ ਅਸੀਂ ਆਪਣਾ ਅੰਦੋਲਨ ਖਤਮ ਨਹੀਂ ਕਰਾਂਗੇ।”
ਮੁੱਖ ਮੰਤਰੀ ਨੇ ਡਾਕਟਰਾਂ ਨੂੰ ਆਪਣੇ ਕੰਮ ‘ਤੇ ਪਰਤਣ ਦੀ ਅਪੀਲ ਕੀਤੀ, ਖਾਸ ਕਰਕੇ ਜਦੋਂ ਸੂਬਾ ਹੜ੍ਹਾਂ, ਡੇਂਗੂ ਅਤੇ ਮਲੇਰੀਆ ਵਰਗੀਆਂ ਸਿਹਤ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਡਾਕਟਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ। ਹੁਣ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਆਪਣੀ ਡਿਊਟੀ ‘ਤੇ ਪਰਤ ਆਉਣਗੇ।” ਹਾਲਾਂਕਿ, ਡਾਕਟਰਾਂ ਨੇ ਕਿਹਾ ਕਿ ਉਹ ਪਹਿਲਾਂ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਫਿਰ ਹੀ ਕੋਈ ਅੰਤਿਮ ਫੈਸਲਾ ਲੈਣਗੇ। ਡਾਕਟਰਾਂ ਦੀ ਇੱਕ ਮੁੱਖ ਮੰਗ ਹੈ ਕਿ ਸਿਹਤ ਖੇਤਰ ਵਿੱਚ ਭ੍ਰਿਸ਼ਟਾਚਾਰ ਅਤੇ ‘ਧਮਕੀ ਕਲਚਰ’ ਨੂੰ ਜੜ੍ਹੋਂ ਪੁੱਟਿਆ ਜਾਵੇ, ਜਿਸ ਲਈ ਆਉਣ ਵਾਲੇ ਸਮੇਂ ਵਿੱਚ ਸਰਕਾਰ ਨਾਲ ਗੱਲਬਾਤ ਦੀ ਸੰਭਾਵਨਾ ਖੁੱਲ੍ਹੀ ਰਹੇਗੀ।
ਨਾਲ ਹੀ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਡਾਕਟਰ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ। ਸੁਪਰੀਮ ਕੋਰਟ ਵਿੱਚ ਅੱਜ ਹੀ ਸੁਣਵਾਈ ਹੋਣੀ ਹੈ।
ਹਿੰਦੂਸਥਾਨ ਸਮਾਚਾਰ