Mohali News: ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਚੌਥੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਖੁਸ਼ੀ ਵਿੱਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਗੁਰਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਚੌਥੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੰਨ੍ਹ 1574 ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਲੋ ਸ੍ਰੀ ਗੋਇੰਦਵਾਲ ਸਾਹਿਬ ਵਿੱਖੇ ਗੁਰਗੱਦੀ ਦੇਣ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੁ ਕਰਵਾਇਆ। ਬੀਬੀ ਜਸਪ੍ਰੀਤ ਕੌਰ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।
ਇਸ ਤੋਂ ਇਲਾਵਾ ਭਾਈ ਗਗਨਦੀਪ ਸਿੰਘ ਜੀ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਭਾਈ ਮਨਮੀਤ ਸਿੰਘ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਜੱਥਾ, ਭਾਈ ਹਰਜਿੰਦਰ ਸਿੰਘ ਜ਼ੀਰਕਪੁਰ ਵਾਲੇ, ਭਾਈ ਅਮਿਤ ਸਿੰਘ ਜੀ, ਭਾਈ ਮੇਹਰ ਸਿੰਘ ਜੀ ਸ੍ਰੀ ਪੰਜ਼ੋਖਰਾ ਸਾਹਿਬ ਜੀ, ਭਾਈ ਸਰੂਪ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਜਗਮੀਤ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਸੰਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਦਿਹਾੜੇ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਅਤੇ ਬਾਹਰੋਂ ਵਿਸ਼ੇਸ਼ ਸਜਾਵਟ ਕੀਤੀ ਗਈ ਸੀ।
ਹਿੰਦੂਸਥਾਨ ਸਮਾਚਾਰ