Chandigarh News: ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਕਰਾਰੀ ਸੱਟ ਮਾਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਪਾਕਿਸਤਾਨ ਅਧਾਰਿਤ ਹੈਰੋਇਨ ਤਸਕਰੀ ਦੇ ਰੈਕੇਟ ਦਾ ਪਰਦਾ ਫਾਸ਼ ਕੀਤਾ ਹੈ। ਇਸ ਨਾਲ ਸਬੰਧਤ ਮੁੱਖ ਸਰਗਨਾ ਤੇ ਫੌਜ ਵਿੱਚੋਂ ਭਗੌੜੇ ਅੰਮ੍ਰਿਤਪਾਲ ਸਿੰਘ ਉਰਫ਼ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਗੌੜੇ ਫੌਜੀ ਕੋਲੋਂ 12.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਕਸੇਲ ਦਾ ਰਹਿਣ ਵਾਲਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਫੌਜੀ ਅਗਸਤ 2024 ਤੋਂ ਭਗੌੜਾ ਸੀ, ਜਦੋਂ ਉਸ ਦੇ ਸਾਥੀ ਸਰਤਾਜ ਨੂੰ ਜੰਮੂ ਬੱਸ ਸਟੈਂਡ ਤੋਂ 33 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਇਸ ਕਾਰਟੈਲ ਦੇ ਅੰਤਰਰਾਸ਼ਟਰੀ ਸਬੰਧ ਹਨ ਕਿਉਂਕਿ ਇਸ ਦਾ ਸੰਚਾਲਨ ਬਦਨਾਮ ਭਗੌੜੇ ਅੰਮ੍ਰਿਤ ਪਾਲ ਸਿੰਘ ਬਾਠ ਵਾਸੀ ਪਿੰਡ ਮੀਆਂਪੁਰ, ਤਰਨਤਾਰਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਸਮੇਂ ਦੁਬਈ ਤੋਂ ਇਸ ਕਾਰਟੈਲ ਦਾ ਸੰਚਾਲਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਉਹ ਇੱਕ ਬਦਨਾਮ ਗੈਂਗਸਟਰ/ਸਮੱਗਲਰ ਹੈ, ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦੋ ਕਤਲ ਕੇਸਾਂ ਸਮੇਤ 15 ਤੋਂ 20 ਕੇਸ ਦਰਜ ਹਨ।
Big Blow to Trans Border narcotic network: Counter Intelligence, Jalandhar busts a smuggling cartel with the arrest of Amritpal Singh @ Fauji, an army-deserter resident of village Kasel,Tarn Taran and recovered 12.5 kg Heroin with #Pak markings
Fauji was wanted by J&K Police in… pic.twitter.com/rZaRIVY2Wk
— DGP Punjab Police (@DGPPunjabPolice) September 15, 2024
ਡੀਜੀਪੀ ਨੇ ਦੱਸਿਆ ਕਿ ਭਰੋਸੇਮੰਦ ਖੁਫੀਆ ਸੂਹ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਨਹਿਰੀ ਪੁਲ ‘ਤੇ ਵਿਸ਼ੇਸ਼ ਨਾਕਾ ਲਗਾਇਆ ਅਤੇ ਅੰਮ੍ਰਿਤਪਾਲ ਫੌਜੀ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਅਗਲੇਰੀ ਜਾਂਚ ਦੌਰਾਨ ਮੁਲਜ਼ਮ ਵੱਲੋਂ ਦੱਸੇ ਟਿਕਾਣੇ ਤਰਨਤਾਰਨ ਤੋਂ ਪਿੰਡ ਜੋਧਪੁਰ ਨੂੰ ਜਾਂਦੀ ਲਿੰਕ ਸੜਕ ਤੋਂ 12.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਪਲੈਟੀਨਾ ਮੋਟਰਸਾਈਕਲ (ਪੀਬੀ 08 ਈਐਲ 5952), ਜਿਸ ’ਤੇ ਮੁਲਜ਼ਮ ਅੰਮ੍ਰਿਤਪਾਲ ਫੌਜੀ ਜਾ ਰਿਹਾ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਪਿਛਲੇ ਮਹੀਨੇ ਅਖਨੂਰ ਸੈਕਟਰ ਤੋਂ 50 ਕਿਲੋ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ, ਜਿਸ ਵਿੱਚੋਂ 33 ਕਿਲੋ ਹੈਰੋਇਨ ਉਸ ਦੇ ਸਾਥੀ ਸਰਤਾਜ ਕੋਲ ਸੀ ਜਿਸ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਫੌਜੀ ਦੇ ਸਾਥੀ ਦੀ ਗ੍ਰਿਫ਼ਤਾਰੀ ਉਪਰੰਤ ਉਸ ਨੇ ਬਾਕੀ ਬਚੀ ਹੈਰੋਇਨ ਨੂੰ ਕਿਸੇ ਖਾਲੀ ਥਾਂ ‘ਤੇ ਛੁਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਫਆਈਆਰ ਨੰਬਰ 57 ਮਿਤੀ 13.09.2024 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ