kishtwar News: ਸੁਰੱਖਿਆ ਬਲਾਂ ਨੇ ਹਾਲੀਆ ਮੁੱਠਭੇੜਾਂ ਤੋਂ ਬਾਅਦ ਸ਼ਨਿਚਰਵਾਰ ਨੂੰ ਕਿਸ਼ਤਵਾੜ, ਊਧਮਪੁਰ, ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਆਪਣੀ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਨ੍ਹਾਂ ਮੁਕਾਬਲਿਆਂ ‘ਚ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਅੱਤਵਾਦੀ ਮਾਰੇ ਗਏ।
ਕਿਸ਼ਤਵਾੜ ਜ਼ਿਲੇ ਦੇ ਛਤਰੂ ਇਲਾਕੇ ‘ਚ ਪਿੰਗਨਲ ਦੁਗਡਾ ਦੇ ਜੰਗਲਾਂ ‘ਚ ਸਾਂਝਾ ਆਪਰੇਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਸ਼ੁੱਕਰਵਾਰ ਨੂੰ ਇਸ ਇਲਾਕੇ ‘ਚ ਹੋਏ ਮੁਕਾਬਲੇ ‘ਚ ਇਕ ਜੇਸੀਓ ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ, ਜਦਕਿ ਦੋ ਹੋਰ ਜ਼ਖਮੀ ਹੋ ਗਏ ਸਨ। ਸ਼ਨੀਵਾਰ ਨੂੰ ਵੀ ਇਲਾਕੇ ‘ਚ ਮੌਜੂਦ ਅੱਤਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਹੋਰ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਵੱਡੇ ਖੇਤਰ ਨੂੰ ਘੇਰ ਲਿਆ ਹੈ। ਇਹ ਅੱਤਵਾਦੀ ਮੁਕਾਬਲੇ ਤੋਂ ਬਾਅਦ ਹਨੇਰੇ ਅਤੇ ਸੰਘਣੇ ਜੰਗਲ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨਾਲ ਹੁਣ ਤੱਕ ਕੋਈ ਨਵਾਂ ਸੰਪਰਕ ਨਹੀਂ ਹੋਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਖੇਤਰ ਦੇ ਖੰਦਰਾ ਟਾਪ, ਕੁਦਵਾਹ ਅਤੇ ਰਾਏਚਕ ਦੇ ਉਪਰਲੇ ਇਲਾਕਿਆਂ ‘ਚ ਵੀ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ 11 ਸਤੰਬਰ ਨੂੰ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (ਜੇਈਐਮ) ਦੇ ਦੋ ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲ ਪੁੰਛ ਦੇ ਸੂਰਨਕੋਟ ਅਤੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਅਤੇ ਥਾਨਾਮੰਡੀ ਦੇ ਜੰਗਲੀ ਖੇਤਰਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
ਹਿੰਦੂਸਥਾਨ ਸਮਾਚਾਰ