New Delhi: ਪਿਆਜ਼ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਇਸ ਨੂੰ ਖਪਤਕਾਰਾਂ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਆਇਤੀ ਦਰਾਂ ‘ਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਬਸਿਡੀ ਵਾਲੇ ਪਿਆਜ਼ ਦੀ ਪ੍ਰਚੂਨ ਵਿਕਰੀ ਕਰਨ ਦੀ ਸਰਕਾਰ ਦੀ ਪਹਿਲਕਦਮੀ ਕਾਰਨ ਵੱਡੇ ਸ਼ਹਿਰਾਂ ਵਿੱਚ ਦਿਨਾਂ ਵਿੱਚ ਕੀਮਤਾਂ ਵਿੱਚ ਗਿਰਾਵਟ ਆਈ ਹੈ। ਹਾਲਾਂਕਿ, ਇਸ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ।
ਖਪਤਕਾਰ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 5 ਸਤੰਬਰ ਨੂੰ ਸ਼ੁਰੂ ਕੀਤੀ ਗਈ ਸਰਕਾਰ ਦੀ ਸਬਸਿਡੀ ਵਾਲੇ ਪਿਆਜ਼ ਦੀ ਵਿਕਰੀ ਪਹਿਲਕਦਮੀ ਨੇ ਕੁਝ ਹੀ ਦਿਨਾਂ ਵਿਚ ਵੱਡੇ ਸ਼ਹਿਰਾਂ ਵਿਚ ਕੀਮਤਾਂ ਵਿਚ ਗਿਰਾਵਟ ਲਿਆ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ‘ਚ ਪਿਆਜ਼ ਦੀ ਪ੍ਰਚੂਨ ਕੀਮਤ 60 ਰੁਪਏ ਤੋਂ ਘੱਟ ਕੇ 55 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ, ਜਦਕਿ ਮੁੰਬਈ ‘ਚ ਇਹ 61 ਰੁਪਏ ਤੋਂ ਘੱਟ ਕੇ 56 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਚੇਨਈ ਵਿਚ ਪ੍ਰਚੂਨ ਕੀਮਤ 65 ਰੁਪਏ ਤੋਂ ਘਟ ਕੇ 58 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਵਧਦੀ ਮੰਗ ਦੇ ਮੱਦੇਨਜ਼ਰ, ਸਰਕਾਰ ਨੇ ਸਬਸਿਡੀ ਵਾਲੇ ਪਿਆਜ਼ ਦੀ ਮਾਤਰਾ ਵਧਾਉਣ ਅਤੇ ਵੰਡ ਚੈਨਲਾਂ ਦਾ ਵਿਸਤਾਰ ਕਰਕੇ ਈ-ਕਾਮਰਸ ਪਲੇਟਫਾਰਮ, ਕੇਂਦਰੀ ਭੰਡਾਰ ਆਊਟਲੈਟਸ ਅਤੇ ਮਦਰ ਡੇਅਰੀ ਦੇ ਸਫ਼ਲ ਸਟੋਰਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮੋਬਾਈਲ ਵੈਨਾਂ ਅਤੇ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (ਐਨਸੀਸੀਐਫ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਐਨਏਐਫਈਡੀ) ਦੀਆਂ ਆਉਟਲੈਟਾਂ ਰਾਹੀਂ ਗਾਹਕਾਂ ਨੂੰ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ। ਨਵੀਂ ਦਿੱਲੀ ਅਤੇ ਮੁੰਬਈ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਹੁਣ ਚੇਨਈ, ਕੋਲਕਾਤਾ, ਪਟਨਾ, ਰਾਂਚੀ, ਭੁਵਨੇਸ਼ਵਰ ਅਤੇ ਗੁਹਾਟੀ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਫੈਲ ਗਿਆ ਹੈ।
ਹਿੰਦੂਸਥਾਨ ਸਮਾਚਾਰ