Kolkata News: ਆਰ.ਜੀ. ਕਰ ਕਾਂਡ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਸਿਹਤ ਭਵਨ ਦੇ ਬਾਹਰ ਧਰਨੇ ‘ਤੇ ਬੈਠੇ ਜੂਨੀਅਰ ਡਾਕਟਰਾਂ ਦਾ ਅੰਦੋਲਨ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਤਿੰਨ ਰਾਤਾਂ ਸੜਕਾਂ ‘ਤੇ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੋਂ ਹੀ ਡਾਕਟਰਾਂ ਨੇ ਇੱਕ ਵਾਰ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਅਤੇ ਬੁੱਧਵਾਰ ਤੋਂ ਬਾਅਦ ਜੂਨੀਅਰ ਡਾਕਟਰਾਂ ਅਤੇ ਸੂਬਾ ਸਰਕਾਰ ਵਿਚਾਲੇ ਨਿਯਮਾਂ ਅਤੇ ਸ਼ਰਤਾਂ ਨੂੰ ਲੈ ਕੇ ਚੱਲ ਰਹੀਆਂ ਪੇਚੀਦਗੀਆਂ ਕਾਰਨ ਵੀਰਵਾਰ ਨੂੰ ਵੀ ਮੀਟਿੰਗ ਨਹੀਂ ਹੋ ਸਕੀ।
ਵੀਰਵਾਰ ਰਾਤ ਸੂਬਾ ਸਕੱਤਰੇਤ ਵਿਖੇ ਭਾਰੀ ਹੰਗਾਮੇ ਅਤੇ ਨਾਟਕੀ ਘਟਨਾਕ੍ਰਮ ਕਾਰਨ ਜੂਨੀਅਰ ਡਾਕਟਰਾਂ ਨਾਲ ਪ੍ਰਸ਼ਾਸਨ ਦੀ ਮੀਟਿੰਗ ਇਕ ਵਾਰ ਫਿਰ ਅਸਫਲ ਹੋ ਗਈ। ਮੁੱਖ ਸਕੱਤਰ ਮਨੋਜ ਪੰਤ ਨੇ ਵੀਰਵਾਰ ਨੂੰ ਅੰਦੋਲਨਕਾਰੀਆਂ ਨੂੰ ਇੱਕ ਮੇਲ ਭੇਜਿਆ, ਜਿਸ ’ਚ ਕਿਹਾ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਰਹਿਣਗੇ, ਪਰ ਮੀਟਿੰਗ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਜਾਵੇਗਾ। ਇਹ ਸ਼ਰਤ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਮੀਟਿੰਗ ਵਿੱਚ ਟਕਰਾਅ ਪੈਦਾ ਹੋ ਗਿਆ।
ਕਰੀਬ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਮਮਤਾ ਬੈਨਰਜੀ ਨੱਵਾਨ ਤੋਂ ਰਵਾਨਾ ਹੋ ਗਏ ਅਤੇ ਅੰਦੋਲਨਕਾਰੀ ਡਾਕਟਰ ਸਿਹਤ ਭਵਨ ਪਰਤ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਡਾਕਟਰਾਂ ਨੇ ਕਿਹਾ ਕਿ ਲੋੜ ਪੈਣ ‘ਤੇ ਉਹ 33 ਦਿਨ ਹੋਰ ਸੜਕ ‘ਤੇ ਰਹਿ ਸਕਦੇ ਹਨ। ਦੂਜੇ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਦੇਣ ਲਈ ਤਿਆਰ ਹਨ। ਉਨ੍ਹਾਂ ਡਾਕਟਰਾਂ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰ ਨਿਆਂ ਨਹੀਂ, ਸਗੋਂ ਕੁਰਸੀ ਚਾਹੁੰਦੇ ਹਨ ਜਦਕਿ ਉਹ (ਮੁੱਖ ਮੰਤਰੀ) ਇਨਸਾਫ਼ ਚਾਹੁੰਦੇ ਹਨ।
ਮਮਤਾ ਬੈਨਰਜੀ ਅਤੇ ਜੂਨੀਅਰ ਡਾਕਟਰਾਂ ਵਿਚਾਲੇ ਮੁਲਾਕਾਤ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਮੰਗਲਵਾਰ ਨੂੰ ਜੂਨੀਅਰ ਡਾਕਟਰਾਂ ਨੂੰ ਨੱਵਾਨ ਤੋਂ ਮੇਲ ਰਾਹੀਂ ਮੀਟਿੰਗ ਲਈ ਬੁਲਾਇਆ ਗਿਆ ਸੀ। ਅੰਦੋਲਨਕਾਰੀਆਂ ਨੇ ਮੇਲ ਨੂੰ ਅਪਮਾਨਜਨਕ ਦੱਸਿਆ। ਇਸ ਤੋਂ ਬਾਅਦ ਬੁੱਧਵਾਰ ਨੂੰ ਫਿਰ ਮੇਲ ਆਇਆ ਪਰ ਡਾਕਟਰਾਂ ਨੇ ਚਾਰ ਸ਼ਰਤਾਂ ਰੱਖੀਆਂ, ਜਿਸ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਅਤੇ ਮੀਟਿੰਗ ਦਾ ਸਿੱਧਾ ਪ੍ਰਸਾਰਣ ਸ਼ਾਮਲ ਸੀ। ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਜਾਵੇਗਾ, ਪਰ ਮੁੱਖ ਮੰਤਰੀ ਹਾਜ਼ਰ ਹੋਣਗੇ। ਇਸ ਗੁੰਝਲਦਾਰ ਸਥਿਤੀ ਦੇ ਵਿਚਕਾਰ, ਜੂਨੀਅਰ ਡਾਕਟਰਾਂ ਦਾ 32 ਮੈਂਬਰੀ ਵਫਦ ਵੀਰਵਾਰ ਸ਼ਾਮ ਨੂੰ ਨੱਵਾਨ ਲਈ ਰਵਾਨਾ ਹੋਇਆ। ਹਾਲਾਂਕਿ ਨੱਵਾਨ ਨੇ ਸਿਰਫ 15 ਲੋਕਾਂ ਨੂੰ ਮੀਟਿੰਗ ਲਈ ਬੁਲਾਇਆ ਸੀ, ਪਰ ਫਿਰ ਵੀ 32 ਡਾਕਟਰ ਪਹੁੰਚੇ। ਇਨ੍ਹਾਂ ਵਿੱਚੋਂ ਦੋ ਵੀਡੀਓਗ੍ਰਾਫਰ ਵੀ ਸਨ। ਸਾਰਿਆਂ ਨੂੰ ਨੱਵਾਨ ਦੇ ਆਡੀਟੋਰੀਅਮ ਵਿੱਚ ਦਾਖ਼ਲ ਹੋਣ ਦਿੱਤਾ ਗਿਆ, ਪਰ ਡਾਕਟਰ ਮੀਟਿੰਗ ਵਿੱਚ ਨਹੀਂ ਆਏ। ਕਿਉਂਕਿ ਉਹ ਲਾਈਵ ਟੈਲੀਕਾਸਟ ਦੀ ਸ਼ਰਤ ‘ਤੇ ਅੜੇ ਸਨ, ਇਸ ਲਈ ਮੀਟਿੰਗ ਨਹੀਂ ਹੋ ਸਕੀ।
ਮੁੱਖ ਸਕੱਤਰ ਮਨੋਜ ਪੰਤ, ਗ੍ਰਹਿ ਸਕੱਤਰ ਨੰਦਿਨੀ ਚੱਕਰਵਰਤੀ, ਰਾਜ ਪੁਲਿਸ ਦੇ ਡੀਜੀ ਰਾਜੀਵ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਡਾਕਟਰਾਂ ਨਾਲ ਗੱਲ ਕਰਨ ਲਈ ਪਹੁੰਚੇ, ਪਰ ਡਾਕਟਰ ਆਪਣੇ ਸਟੈਂਡ ‘ਤੇ ਅੜੇ ਰਹੇ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰਾਂ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਕੁਝ ਲੋਕ ਇਨਸਾਫ਼ ਨਹੀਂ ਚਾਹੁੰਦੇ ਸਗੋਂ ਸੱਤਾ ਦੀ ਕੁਰਸੀ ਚਾਹੁੰਦੇ ਹਨ। ਪ੍ਰੈੱਸ ਕਾਨਫਰੰਸ ‘ਚ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਰਸੀ ਨਹੀਂ ਚਾਹੀਦੀ, ਉਹ ਬਿਹਤਰ ਸਿਹਤ ਸਹੂਲਤਾਂ ਅਤੇ ਇਨਸਾਫ ਚਾਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਉਹ 33 ਦਿਨ ਹੋਰ ਧਰਨੇ ‘ਤੇ ਰਹਿਣਗੇ ਪਰ ਪਿੱਛੇ ਨਹੀਂ ਹਟਣਗੇ।
ਹਿੰਦੂਸਥਾਨ ਸਮਾਚਾਰ