Chandigarh News: ਪੰਜਾਬ ਵਿੱਚ ਨਿੱਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਫਿਰ ਵੀ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ ਦਾ ਸਾਹਮਣੇ ਆਇਆ ਹੈ, ਜਿੱਥੇ ਨੌਸ਼ਹਿਰਾ ਪੰਨੂਆ ਕਸਬੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਅਤੇ ਵਰਕਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ (40) ਉਰਫ ਬਿੱਕਰ ਪੁੱਤਰ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ। ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਬਾਜ਼ਾਰ ’ਚੋਂ ਸਾਮਾਨ ਲੈਣ ਜਾ ਰਿਹਾ ਸੀ। ਉਹ ‘ਆਮ ਆਦਮੀ ਪਾਰਟੀ’ ਦੇ ਬਹੁਤ ਹੀ ਮਿਹਨਤੀ ਵਰਕਰ ਸਨ। ਬਿਕਰਮਜੀਤ ਸਿੰਘ ਦੇ ਕੈਬਨਿਟ ਮੰਤਰੀਆਂ ਲਾਲਜੀਤ ਸਿੰਘ ਭੁੱਲਰ ਅਤੇ ਮਨਜਿੰਦਰ ਸਿੰਘ ਲਾਲਪੁਰਾ ਨਾਲ ਨੇੜਲੇ ਸਬੰਧ ਸਨ।
ਬਿਕਰਮਜੀਤ ਆਪਣੇ ਪਿੱਛੇ ਪਤਨੀ ਕੋਮਲਪ੍ਰੀਤ ਕੌਰ, ਇੱਕ ਸਾਲ ਦਾ ਬੇਟਾ, 6 ਸਾਲ ਦੀ ਬੇਟੀ ਅਤੇ 9 ਸਾਲ ਦੀ ਬੇਟੀ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਗੌਰਵ ਤੂਰਾ, ਐਸਪੀਡੀ ਅਜੈਰਾਮ ਸਿੰਘ ਅਤੇ ਡੀਐਸਪੀ ਕੰਵਲਪ੍ਰੀਤ ਸਿੰਘ ਮੰਡ ਮੌਕੇ ’ਤੇ ਪੁੱਜੇ ਅਤੇ ਸੀਸੀਟੀਵੀ ਫੁਟੇਜ ਇਕੱਤਰ ਕੀਤੀ। ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ