Kolkata News: ਆਰ.ਜੀ. ਕਰ ਹਸਪਤਾਲ ਦੀ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਰਾਜਪਾਲ ਨੇ ਵੀਰਵਾਰ ਸ਼ਾਮ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਹੁਣ ਕਿਸੇ ਵੀ ਜਨਤਕ ਜਾਂ ਸਰਕਾਰੀ ਮੰਚ ‘ਤੇ ਮੁੱਖ ਮੰਤਰੀ ਦੇ ਨਾਲ ਨਹੀਂ ਹੋਣਗੇ। ਉਨ੍ਹਾਂ ਨੇ ਮਮਤਾ ਬੈਨਰਜੀ ਦਾ ਨਾਮ ਲਏ ਬਿਨਾਂ ‘ਲੇਡੀ ਮੈਕਬੈਥ’ ਕਹਿ ਕੇ ਚੁਟਕੀ ਲਈ।
ਰਾਜਪਾਲ ਨੇ ਕਿਹਾ, “ਇੱਕ ਰਾਜਪਾਲ ਹੋਣ ਦੇ ਨਾਤੇ, ਮੈਂ ਅੱਖਾਂ ਬੰਦ ਕਰਕੇ ਨਹੀਂ ਰਹਿ ਸਕਦਾ। ਬੰਗਾਲ ਦੇ ਲੋਕਾਂ ਦੇ ਨਾਲ ਖੜੇ ਹੋ ਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਮੁੱਖ ਮੰਤਰੀ ਦਾ ਸਮਾਜਿਕ ਬਾਈਕਾਟ ਕਰਾਂਗਾ। ਜੇਕਰ ਮੁੱਖ ਮੰਤਰੀ ਕਿਸੇ ਸਰਕਾਰੀ ਪ੍ਰੋਗਰਾਮ ਵਿੱਚ ਮੌਜੂਦ ਹੁੰਦੀ ਹਨ ਤਾਂ ਮੈਂ ਉੱਥੇ ਨਹੀਂ ਜਾਵਾਂਗਾ।”
ਇਸ ਦੌਰਾਨ ਸਿਹਤ ਭਵਨ ਦੇ ਸਾਹਮਣੇ ਜੂਨੀਅਰ ਡਾਕਟਰਾਂ ਦਾ ਅੰਦੋਲਨ ਜਾਰੀ ਹੈ। ਉਹ ਸਰਕਾਰ ਨਾਲ ਗੱਲਬਾਤ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ ਹੈ। ਵੀਰਵਾਰ ਨੂੰ ਨੱਵਾਨ ਵਿੱਚ ਇੱਕ ਮੀਟਿੰਗ ਦੀ ਯੋਜਨਾ ਬਣਾਈ ਗਈ, ਪਰ ਅਸਫਲ ਰਹੀ। ਰਾਜਪਾਲ ਨੇ ਵੀਡੀਓ ਸੰਦੇਸ਼ ਵਿੱਚ ਸਥਿਤੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਬੋਸ ਨੇ ਕਿਹਾ, “ਮੇਰੇ ਅਨੁਸਾਰ, ਰਾਜ ਸਰਕਾਰ ਸਮਾਜ ਅਤੇ ਪੀੜਤ ਦੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਅਸਫਲ ਰਹੀ ਹੈ। ਨੱਵਾਨ ਸੱਚਾਈ ਨੂੰ ਛੁਪਾ ਨਹੀਂ ਸਕਦੀ। ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰਿਆਂ ਨੂੰ ਹਮੇਸ਼ਾ ਲਈ ਨਹੀਂ।” ਰਾਜਪਾਲ ਨੇ ਕਾਨੂੰਨ ਵਿਵਸਥਾ ਅਤੇ ਸਿਹਤ ਵਿਵਸਥਾ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਸਿੱਧੇ ਤੌਰ ‘ਤੇ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ, ਜੋ ਖੁਦ ਮੁੱਖ ਮੰਤਰੀ ਮਮਤਾ ਬੈਨਰਜੀ ਹਨ, ਨੂੰ ਇਨ੍ਹਾਂ ਹਾਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, ”ਸਿਹਤ ਮੰਤਰੀ, ਜੋ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਵੀ ਹਨ, ਸੂਬੇ ਵਿੱਚ ਅਮਨ-ਕਾਨੂੰਨ ਅਤੇ ਸਿਹਤ ਸੇਵਾਵਾਂ ਨੂੰ ਸੰਭਾਲਣ ਵਿੱਚ ਨਾਕਾਮ ਰਹੇ ਹਨ।”
ਰਾਜਪਾਲ ਨੇ ਕੋਲਕਾਤਾ ਪੁਲਿਸ ਕਮਿਸ਼ਨਰ ਦੀ ਭੂਮਿਕਾ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਅੰਦੋਲਨਕਾਰੀਆਂ ਵੱਲੋਂ ਪੁਲਿਸ ਕਮਿਸ਼ਨਰ ‘ਤੇ ਲਗਾਏ ਗਏ ਦੋਸ਼ਾਂ ਤੋਂ ਮੈਂ ਦੁਖੀ ਹਾਂ ਅਤੇ ਉਨ੍ਹਾਂ ਦੀ ਭੂਮਿਕਾ ‘ਤੇ ਸ਼ਰਮ ਮਹਿਸੂਸ ਕਰਦਾ ਹਾਂ। ਉਨ੍ਹਾਂ ਵਿਰੁੱਧ ਅਪਰਾਧਿਕ ਕਾਰਵਾਈ ਹੋਣੀ ਚਾਹੀਦੀ।”
ਹਿੰਦੂਸਥਾਨ ਸਮਾਚਾਰ