New Delhi: ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਕਈ ਇਲਾਕੇ ਮੀਂਹ ਨਾਲ ਜਲਮਗਨ ਹੋ ਗਏ ਹਨ। ਪਿਛਲੇ 48 ਘੰਟਿਆਂ ਤੋਂ ਕਦੇ ਮੱਧਮ ਅਤੇ ਕਦੇ ਭਾਰੀ ਮੀਂਹ ਪੈ ਰਿਹਾ ਹੈ। ਅੱਜ ਵੀ ਦਿੱਲੀ-ਐਨਸੀਆਰ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਉੱਤਰਾਖੰਡ ਵਿੱਚ ਤਾਂ ਅੱਜ ਦੀ ਬਾਰਿਸ਼ ਤਬਾਹੀ ਮਚਾ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਵੀ ਇਹੀ ਸੰਕੇਤ ਦੇ ਰਹੀ ਹੈ। ਖਰਾਬ ਮੌਸਮ ਕਾਰਨ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ।
ਇਨ੍ਹਾਂ ਰਾਜਾਂ ਨੂੰ ਦਿੱਤੀ ਗਈ ਚੇਤਾਵਨੀ
ਭਾਰਤੀ ਮੌਸਮ ਵਿਭਾਗ ਨੇ ਅੱਜ ਦਿੱਲੀ ਲਈ ਯੈਲੋ ਅਲਰਟ, ਉੱਤਰਾਖੰਡ ਲਈ ਰੈੱਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਮਿਜ਼ੋਰਮ, ਨਾਗਾਲੈਂਡ, ਮਣੀਪੁਰ ਅਤੇ ਤ੍ਰਿਪੁਰਾ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਮਾਨਸੂਨ ਨੂੰ ਲੈ ਕੇ ਤੁਰੰਤ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਮੌਸਮ ਪ੍ਰਣਾਲੀ ਅਗਲੇ ਨੌਂ ਘੰਟਿਆਂ ਤੱਕ ਉੱਤਰੀ ਭਾਰਤ ਦੇ ਖੇਤਰ ਨੂੰ ਪ੍ਰਭਾਵਤ ਕਰੇਗੀ। ਰਾਜਸਥਾਨ ‘ਚ ਧੌਲਪੁਰ ਅਤੇ ਆਸਪਾਸ ਦੇ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਰਵਤੀ ਡੈਮ ਦੇ 10 ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਕਾਰਨ 50 ਪਿੰਡ ਮੁਸੀਬਤ ਵਿੱਚ ਹਨ।
ਮਾਨਸੂਨ ਦੀ ਵਾਪਸੀ ਅਗਲੇ ਹਫਤੇ ਤੋਂ ਸੰਭਵ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਦਿੱਲੀ ਵਿੱਚ ਦਿਨ ਭਰ ਬੱਦਲ ਛਾਏ ਰਹਿਣਗੇ। ਜ਼ਿਆਦਾਤਰ ਹਿੱਸਿਆਂ ‘ਚ ਬਾਰਿਸ਼ ਜਾਰੀ ਰਹੇਗੀ। ਇਸ ਦੌਰਾਨ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੋਂ ਦੇਸ਼ ਨੂੰ ਕੁਝ ਰਾਹਤ ਮਿਲੇਗੀ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੱਖਣ-ਪੱਛਮੀ ਮਾਨਸੂਨ 19 ਅਤੇ 25 ਸਤੰਬਰ ਦੇ ਵਿਚਕਾਰ ਦੇਸ਼ ਵਿੱਚੋਂ ਪਰਤਣਾ ਸ਼ੁਰੂ ਕਰ ਦੇਵੇਗਾ। ਇਹ ਆਮ ਤੌਰ ‘ਤੇ 1 ਜੂਨ ਤੱਕ ਕੇਰਲ ਵਿੱਚ ਦਾਖਲ ਹੁੰਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਪਹੁੰਚ ਜਾਂਦਾ ਹੈ। ਇਹ 17 ਸਤੰਬਰ ਦੇ ਆਸਪਾਸ ਉੱਤਰ-ਪੱਛਮੀ ਭਾਰਤ ਤੋਂ ਦੂਰ ਜਾਣਾ ਸ਼ੁਰੂ ਕਰਦਾ ਹੈ। 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਰਤ ਜਾਂਦਾ ਹੈ।
ਕੁਝ ਥਾਵਾਂ ‘ਤੇ ਜ਼ਿਆਦਾ, ਕੁਝ ‘ਤੇ ਘੱਟ ਪਿਆ ਮੀਂਹ
ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਦੇਸ਼ ਵਿੱਚ 1 ਜੂਨ ਤੋਂ ਮਾਨਸੂਨ ਸੀਜ਼ਨ ਵਿੱਚ 836.7 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਆਮ ਵਰਖਾ ਨਾਲੋਂ ਅੱਠ ਫੀਸਦੀ ਵੱਧ ਹੈ। ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਆਮ ਨਾਲੋਂ 16 ਫੀਸਦੀ ਘੱਟ ਮੀਂਹ ਪਿਆ, ਜਦੋਂ ਕਿ ਉੱਤਰ-ਪੱਛਮੀ, ਮੱਧ ਅਤੇ ਦੱਖਣੀ ਭਾਰਤ ਵਿੱਚ ਕ੍ਰਮਵਾਰ ਚਾਰ, 19 ਅਤੇ 25 ਫੀਸਦੀ ਜ਼ਿਆਦਾ ਮੀਂਹ ਪਿਆ ਹੈ।
48 ਘੰਟਿਆਂ ‘ਚ 47 ਲੋਕਾਂ ਦੀ ਮੌਤ
ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਨੇ 48 ਘੰਟਿਆਂ ‘ਚ 47 ਲੋਕਾਂ ਦੀ ਜਾਨ ਲਈ। ਇਨ੍ਹਾਂ ਵਿੱਚੋਂ ਉੱਤਰ ਪ੍ਰਦੇਸ਼ ਵਿੱਚ 32, ਮੱਧ ਪ੍ਰਦੇਸ਼ ਵਿੱਚ 11 ਅਤੇ ਰਾਜਸਥਾਨ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਉੱਤਰਾਖੰਡ ‘ਚ ਕੇਦਾਰਨਾਥ ਯਾਤਰਾ ‘ਤੇ ਰੋਕ ਲਗਾਉਣ ਦੇ ਨਾਲ ਹੀ ਸੂਬੇ ‘ਚ ਅੱਜ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਵਿਭਾਗ ਨੇ ਤਿੰਨ ਹੋਰ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ 14 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਤਿੰਨ ਦਿਨ ਭਾਰੀ
ਭਾਰਤੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਉੱਤਰੀ ਤੋਂ ਲੈ ਕੇ ਉੱਤਰ-ਪੂਰਬੀ ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਰਾਜਾਂ ਵਿੱਚ ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ, ਮੱਧ ਪ੍ਰਦੇਸ਼, ਛੱਤੀਸਗੜ੍ਹ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ, ਓਡੀਸ਼ਾ ਅਤੇ ਝਾਰਖੰਡ ਸ਼ਾਮਲ ਹਨ।
ਸੋਨਪ੍ਰਯਾਗ ‘ਚ 2500 ਯਾਤਰੀ ਫਸੇ
ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਭਾਰੀ ਮੀਂਹ ਕਾਰਨ ਕੇਦਾਰਨਾਥ ਪੈਦਲ ਮਾਰਗ ਨੂੰ ਕੱਲ੍ਹ ਬੰਦ ਕਰਨਾ ਪਿਆ। ਸੁਰੱਖਿਆ ਕਾਰਨਾਂ ਕਰਕੇ ਕੇਦਾਰਨਾਥ ਧਾਮ ਤੋਂ ਕਿਸੇ ਨੂੰ ਹੇਠਾਂ ਨਹੀਂ ਭੇਜਿਆ ਗਿਆ। ਯਾਤਰਾ ਦੇ ਬੰਦ ਹੋਣ ਕਾਰਨ ਲਗਭਗ 2500 ਯਾਤਰੀ ਸੋਨਪ੍ਰਯਾਗ ਵਿੱਚ ਫਸੇ ਹੋਏ ਹਨ। ਸੂਬੇ ਵਿੱਚ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 168 ਰਸਤੇ ਬੰਦ ਹਨ। ਇਸ ਵਿੱਚ ਰਾਸ਼ਟਰੀ ਰਾਜ ਮਾਰਗ, ਰਾਜ ਮਾਰਗ, ਸਰਹੱਦੀ ਸੜਕਾਂ ਅਤੇ ਪੇਂਡੂ ਮੋਟਰ ਮਾਰਗ ਸ਼ਾਮਲ ਹਨ। ਮੌਸਮ ਵਿਗਿਆਨ ਕੇਂਦਰ ਨੇ ਦੇਹਰਾਦੂਨ, ਹਰਿਦੁਆਰ, ਪੌੜੀ, ਬਾਗੇਸ਼ਵਰ, ਨੈਨੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਹੋਰ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 12 ਵਿੱਚੋਂ 5 ਜ਼ਿਲ੍ਹਿਆਂ ਵਿੱਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਨੂੰ ਕਿਹਾ ਜਾਂਦਾ ਹੈ ਯੈਲੋ ਅਲਰਟ
ਭਾਰਤੀ ਮੌਸਮ ਵਿਭਾਗ ਮੁਤਾਬਕ ਮੌਸਮ ਦੇ ਵਿਗੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਤਹਿਤ ਲੋਕਾਂ ਨੂੰ ਲਗਾਤਾਰ ਮੌਸਮ ਦੀ ਅਪਡੇਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਨੂੰ ਕਿਹਾ ਜਾਂਦਾ ਹੈ ਔਰੇਂਜ ਅਲਰਟ
ਮੌਸਮ ਦੇ ਪੱਧਰ ’ਚ ਜ਼ਿਆਦਾ ਗੜਬੜ ਹੋਣ ‘ਤੇ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਸਥਿਤੀ ਵਿੱਚ, ਤੂਫਾਨ ਅਤੇ ਭਾਰੀ ਮੀਂਹ ਦੀ ਵੀ ਸੰਭਾਵਨਾ ਹੁੰਦੀ ਹੈ। ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਬਿਨਾਂ ਲੋੜ ਤੋਂ ਬਾਹਰ ਨਾ ਨਿਕਲਣ।
ਇਸ ਨੂੰ ਕਿਹਾ ਜਾਂਦਾ ਹੈ ਰੈੱਡ ਅਲਰਟ
ਮੌਸਮ ਬਹੁਤ ਖਰਾਬ ਹੋਣ ‘ਤੇ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਤਹਿਤ ਭਾਰੀ ਮੀਂਹ ਅਤੇ ਬੱਦਲ ਫਟਣ ਦੀ ਸੰਭਾਵਨਾ ਹੁੰਦੀ ਹੈ। ਇਸ ਸਥਿਤੀ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜੇਕਰ ਰੈੱਡ ਅਲਰਟ ਹੋਵੇ ਤਾਂ ਲੋਕਾਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
ਹਿੰਦੂਸਥਾਨ ਸਮਾਚਾਰ