New Delhi: ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸਿੱਖ ਭਾਈਚਾਰੇ ‘ਤੇ ਦਿੱਤੇ ਗਏ ਬਿਆਨਾਂ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਹਮਲੇ ਕਰ ਰਹੀ ਹੈ। ਭਾਜਪਾ ਨੇ ਕਿਹਾ ਕਿ ਰਾਹੁਲ ਨੇ ਅਮਰੀਕਾ ‘ਚ ਦੇਸ਼ ਖਿਲਾਫ ਬੋਲ ਕੇ ਦੇਸ਼ਧ੍ਰੋਹ ਕੀਤਾ ਹੈ।
ਵੀਰਵਾਰ ਨੂੰ ਭਾਜਪਾ ਹੈੱਡਕੁਆਰਟਰ ‘ਤੇ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਵਿਰੋਧੀ ਧਿਰ ਦੇ ਨੇਤਾ ਹੋਣ ਦਾ ਹੰਕਾਰ ਨਾ ਸਿਰਫ ਸੰਸਦ ‘ਚ ਦਿਖਾਈ ਦਿੰਦਾ, ਉਨ੍ਹਾਂ ਦੀ ਮੂਰਖਤਾ ਵੀ ਸੰਸਦ ’ਚ ਦਿਖੀ। ਅਮਰੀਕਾ ਵਿਚ ਉਨ੍ਹਾਂ ਨੇ ਦੇਸ਼ ਦਾ ਅਪਮਾਨ ਕੀਤਾ ਹੈ। ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਅਮਰੀਕਾ ਵਿਚ ਭਾਰਤ ਦੀ ਤਸਵੀਰ ਪੇਸ਼ ਕੀਤੀ ਹੈ, ਉਸ ਤੋਂ ਕਰੋੜਾਂ ਭਾਰਤੀ ਦੁਖੀ ਹਨ। ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਦੇਸ਼ਧ੍ਰੋਹ ਕੀਤਾ ਹੈ। ਉਨ੍ਹਾਂ ਨੇ ਵਿਦੇਸ਼ੀ ਧਰਤੀ ‘ਤੇ ਜਾਤਾਂ ਅਤੇ ਧਰਮਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਵਿਦੇਸ਼ ਵਿਚ ਸਿੱਖਾਂ ‘ਤੇ ਸਖ਼ਤ ਬਿਆਨ ਦਿੱਤਾ। ਇਹ ਦੇਸ਼ ਧ੍ਰੋਹ ਹੈ ਅਤੇ ਜਦੋਂ ਦੇਸ਼ਧ੍ਰੋਹ ਹੋਵੇ ਤਾਂ ‘ਮੂਰਖਤਾ’ ਵਰਗਾ ਸ਼ਬਦ ਵਰਤਣਾ ਉਚਿਤ ਨਹੀਂ ਹੈ। ਕਿਉਂਕਿ ਇਹ ਇੱਕ ਸੋਚੀ ਸਮਝੀ ਰਣਨੀਤੀ ਦੇ ਹਿੱਸੇ ਵਜੋਂ ਬੋਲਿਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੀਜੇਆਈ ਡੀਵਾਈ ਚੰਦਰਚੂੜ ਦੇ ਘਰ ਗਣੇਸ਼ ਪੂਜਾ ਲਈ ਜਾਣ ‘ਤੇ ਵਿਰੋਧੀ ਨੇਤਾਵਾਂ ਦੀ ਆਲੋਚਨਾ ‘ਤੇ ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਨੇਤਾ ਗਣੇਸ਼ ਪੂਜਾ ‘ਤੇ ਰਾਜਨੀਤੀ ਕਰ ਰਹੇ ਹਨ। ਕੀ ਲੋਕਤੰਤਰ ਦੇ ਵੱਖ-ਵੱਖ ਥੰਮ੍ਹਾਂ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ? ਪ੍ਰਧਾਨ ਮੰਤਰੀ ਸੀਜੇਆਈ ਨੂੰ ਮਿਲਣ ‘ਤੇ ਤੁਹਾਨੂੰ ਇਤਰਾਜ਼ ਹੈ, ਪਰ ਜਦੋਂ ਰਾਹੁਲ ਗਾਂਧੀ ਦੇਸ਼ ਨੂੰ ਵੰਡਣ ਵਾਲੇ ਇਲਹਾਨ ਉਮਰ ਜਾਂ ਜਾਰਜ ਸੋਰੋਸ ਨੂੰ ਮਿਲਦੇ ਹਨ, ਤਾਂ ਕੋਈ ਇਤਰਾਜ਼ ਨਹੀਂ ਹੈ, ਪਰ ਉਨ੍ਹਾਂ ਨੂੰ ਗਣੇਸ਼ ਪੂਜਾ ਨਾਲ ਸਮੱਸਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਇਫਤਾਰ ਪਾਰਟੀਆਂ ‘ਚ ਕਈ ਜੱਜ ਕਿਉਂ ਸ਼ਾਮਲ ਨਹੀਂ ਹੋਏ ਸਨ? ਕਾਂਗਰਸ ਸਿਰਫ਼ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ।
ਹਿਮਾਚਲ ‘ਚ ਸੰਜੌਲੀ ਮਸਜਿਦ ਵਿਵਾਦ ‘ਤੇ ਸੰਬਿਤ ਪਾਤਰਾ ਨੇ ਕਿਹਾ ਕਿ ਉਹ ਮਸਜਿਦ ਅਣਅਧਿਕਾਰਤ ਹੈ। ਕਾਂਗਰਸੀ ਆਗੂ ਵੀ ਇਸ ਖ਼ਿਲਾਫ਼ ਆਵਾਜ਼ ਉਠਾ ਚੁੱਕੇ ਹਨ। ਸਥਾਨਕ ਨਗਰ ਪਾਲਿਕਾ ਨੇ ਇਸ ਨੂੰ 45 ਵਾਰ ਵੈਧਤਾ ਦੇ ਦਸਤਾਵੇਜ਼ ਦਿਖਾਉਣ ਲਈ ਨੋਟਿਸ ਦਿੱਤਾ ਹੈ। ਹਾਲਾਂਕਿ ਮਸਜਿਦ ਪ੍ਰਬੰਧਕਾਂ ਨੇ ਅਜੇ ਤੱਕ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ ਹਨ। ਪਰ ਉੱਥੇ ਇਸ ਦਾ ਵਿਰੋਧ ਕਰਨ ‘ਤੇ ਹਿੰਦੂਆਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਇਹੀ ਕਾਂਗਰਸ ਦਾ ਅਸਲੀ ਚਿਹਰਾ ਹੈ।
ਹਿੰਦੂਸਥਾਨ ਸਮਾਚਾਰ