Kolkata News: ਆਰ.ਜੀ. ਕਰ ਹਸਪਤਾਲ ਕਾਂਡ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੁਦੀਪਤ ਰਾਏ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਹਨ। ਵੀਰਵਾਰ ਦੁਪਹਿਰ ਕਰੀਬ 1 ਵਜੇ ਕੇਂਦਰੀ ਜਾਂਚ ਬਿਊਰੋ (CBI) ਦੇ ਅਧਿਕਾਰੀਆਂ ਨੇ ਸਿੰਥੀ ਮੋੜ ਨੇੜੇ ਬੀਟੀ ਰੋਡ ‘ਤੇ ਸੁਦੀਪਤ ਰਾਏ ਦੇ ਘਰ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੁਦੀਪਤ ਰਾਏ ਦੀ ਮਲਕੀਅਤ ਵਾਲੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੁਦੀਪਤ ਰਾਏ ਸ਼੍ਰੀਰਾਮਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਹਨ ਅਤੇ ਆਰਜੀ ਕਰ ਹਸਪਤਾਲ ਦੀ ਮਰੀਜ਼ ਭਲਾਈ ਕਮੇਟੀ ਦੇ ਚੇਅਰਮੈਨ ਵੀ ਹਨ। ਇਸ ਤੋਂ ਇਲਾਵਾ ਉਹ ਪੱਛਮੀ ਬੰਗਾਲ ਹੈਲਥ ਰਿਕਰੂਟਮੈਂਟ ਬੋਰਡ ਦੇ ਮੈਂਬਰ ਅਤੇ ਪੱਛਮੀ ਬੰਗਾਲ ਮੈਡੀਕਲ ਕੌਂਸਲ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ। ਜਦੋਂ ਸੀਬੀਆਈ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਸੁਦੀਪਤ ਆਪਣੇ ਘਰ ਦੇ ਗਰਾਊਂਡ ਫਲੋਰ ਦਫ਼ਤਰ ਵਿੱਚ ਮੌਜੂਦ ਸਨ।
ਸੀਬੀਆਈ ਦੀ ਇਹ ਛਾਪੇਮਾਰੀ ਆਰਜੀਕਰ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਹੈ। ਸੀਬੀਆਈ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਸੁਦੀਪਤ ਰਾਏ ਦਾ ਬਿਆਨ ਵੀ ਦਰਜ ਕੀਤਾ ਜਾਵੇਗਾ। ਸੁਦੀਪਤ ਰਾਏ ਦੇ ਨਿੱਜੀ ਨਰਸਿੰਗ ਹੋਮ ਦੀ ਵੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ, ਜਿੱਥੇ ਸੀਬੀਆਈ ਅਧਿਕਾਰੀਆਂ ਦੀ ਟੀਮ ਤਲਾਸ਼ੀ ਲੈ ਰਹੀ ਹੈ।
ਹਿੰਦੂਸਥਾਨ ਸਮਾਚਾਰ