Kolkata News: ਕੋਲਕਾਤਾ ਦੇ ਆਰਜੀਕਰ ਹਸਪਤਾਲ ਵਿੱਚ ਵੀਰਵਾਰ ਸਵੇਰੇ ਇੱਕ ਸ਼ੱਕੀ ਬੈਗ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਇਹ ਬੈਗ ਹਸਪਤਾਲ ਦੇ ਅਹਾਤੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਦੇ ਮੰਚ ਨੇੜੇ ਮਿਲਿਆ, ਜਿਸ ਕਾਰਨ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਬੰਬ ਸਕੂਐਡ ਨੂੰ ਸੂਚਿਤ ਕੀਤਾ ਗਿਆ।
ਵੀਰਵਾਰ ਸਵੇਰੇ ਜਦੋਂ ਆਰਜੀਕਰ ਹਸਪਤਾਲ ਦੇ ਜੂਨੀਅਰ ਡਾਕਟਰ ਰੋਜ਼ਾਨਾ ਦੀ ਤਰ੍ਹਾਂ ਧਰਨੇ ਵਾਲੀ ਥਾਂ ‘ਤੇ ਬੈਠੇ ਸਨ ਤਾਂ ਉਨ੍ਹਾਂ ਨੇ ਅਚਾਨਕ ਸਟੇਜ ਨੇੜੇ ਇਕ ਵੱਡਾ ਬੈਗ ਪਿਆ ਦੇਖਿਆ। ਵਾਰ-ਵਾਰ ਪੁੱਛਗਿੱਛ ਕਰਨ ਦੇ ਬਾਵਜੂਦ ਉਸ ਬੈਗ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਅਫਵਾਹ ਫੈਲ ਗਈ ਕਿ ਬੈਗ ਵਿਚ ਬੰਬ ਹੋ ਸਕਦਾ ਹੈ, ਜਿਸ ਕਾਰਨ ਉਥੇ ਮੌਜੂਦ ਲੋਕ ਡਰ ਦੇ ਮਾਰੇ ਧਰਨੇ ਵਾਲੀ ਥਾਂ ਤੋਂ ਹਟ ਗਏ। ਸਥਿਤੀ ‘ਤੇ ਕਾਬੂ ਪਾਉਣ ਲਈ ਤੁਰੰਤ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।
ਜ਼ਿਕਰਯੋਗ ਹੈ ਕਿ ਆਰਜੀ ਕਰ ਹਸਪਤਾਲ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ‘ਚ ਮਹਿਲਾ ਡਾਕਟਰ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਇੱਕ ਸਿਵਿਕ ਵਲੰਟੀਅਰ ਸੰਜੇ ਰਾਏ ਨੂੰ ਉਸੇ ਰਾਤ ਇਸ ਘਿਨਾਉਣੇ ਅਪਰਾਧ ਲਈ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ‘ਤੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਲੋਕ ਇਨਸਾਫ਼ ਦੀ ਮੰਗ ਨੂੰ ਲੈ ਕੇ ਸੂਬੇ ਭਰ ‘ਚ ਸੜਕਾਂ ‘ਤੇ ਉਤਰੇ ਹਨ।
ਹਿੰਦੂਸਥਾਨ ਸਮਾਚਾਰ