New Delhi: ਅਮਰੀਕਾ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਭਾਜਪਾ ਲਗਾਤਾਰ ਹਮਲੇ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਨਾਲ ਕੋਈ ਖਿਲਵਾੜ ਨਹੀਂ ਕਰ ਸਕਦਾ।
ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਦੇਸ਼ ਵਿਰੋਧੀ ਗੱਲਾਂ ਕਰਨਾ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਖੜ੍ਹਨਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ। ਭਾਂਵੇ ਜੰਮੂ-ਕਸ਼ਮੀਰ ਵਿੱਚ ਜੇਕੇਐਨਸੀ ਦੇ ਰਾਸ਼ਟਰ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ, ਜਾਂ ਫਿਰ ਵਿਦੇਸ਼ੀ ਮੰਚਾਂ ‘ਤੇ ਭਾਰਤ ਵਿਰੋਧੀ ਗੱਲਾਂ ਕਰਨੀਆਂ ਹੋਣ, ਰਾਹੁਲ ਗਾਂਧੀ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਅਮਿਤ ਸ਼ਾਹ ਨੇ ਅੱਗੇ ਲਿਖਿਆ ਕਿ ਭਾਸ਼ਾ ਤੋਂ ਭਾਸ਼ਾ, ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ ਦੇ ਵਿਤਕਰੇ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ਵੰਡਵਾਦੀ ਸੋਚ ਨੂੰ ਦਰਸਾਉਂਦਾ ਹੈ। ਰਾਹੁਲ ਗਾਂਧੀ ਨੇ ਦੇਸ਼ ਵਿੱਚੋਂ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕਰਕੇ ਇੱਕ ਵਾਰ ਫਿਰ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਲਿਆਂਦਾ ਹੈ। ਮਨ ਵਿਚਲੇ ਵਿਚਾਰ ਅਤੇ ਸੋਚ ਹਮੇਸ਼ਾ ਕਿਸੇ ਨਾ ਕਿਸੇ ਸਾਧਨ ਰਾਹੀਂ ਬਾਹਰ ਆ ਜਾਂਦੇ ਹਨ। ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਭਾਜਪਾ ਹੈ, ਕੋਈ ਵੀ ਰਾਖਵੇਂਕਰਨ ਨੂੰ ਛੂਹ ਨਹੀਂ ਸਕਦਾ ਅਤੇ ਕੋਈ ਦੇਸ਼ ਦੀ ਏਕਤਾ ਨਾਲ ਖਿਲਵਾੜ ਨਹੀਂ ਕਰ ਸਕਦਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਜੌਰਜਟਾਊਨ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਾਖਵੇਂਕਰਨ ਨਾਲ ਜੁੜੇ ਸਵਾਲ ‘ਤੇ ਕਿਹਾ ਸੀ ਕਿ ਕਾਂਗਰਸ ਸਹੀ ਸਮਾਂ ਆਉਣ ‘ਤੇ ਰਾਖਵੇਂਕਰਨ ਨੂੰ ਖਤਮ ਕਰਨ ਬਾਰੇ ਸੋਚੇਗੀ, ਜੋ ਕਿ ਅਜੇ ਨਹੀਂ ਹੈ।
ਹਿੰਦੂਸਥਾਨ ਸਮਾਚਾਰ