New Delhi: ਭਾਜਪਾ ਨੇ ਅਮਰੀਕਾ ‘ਚ ਰਾਹੁਲ ਗਾਂਧੀ ਦੇ ਬਿਆਨਾਂ ਅਤੇ ਉਨ੍ਹਾਂ ਨੂੰ ਮਿਲਣ ਵਾਲਿਆਂ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਇਹ ਸਾਫ ਹੁੰਦਾ ਜਾ ਰਿਹਾ ਹੈ ਕਿ ਕਾਂਗਰਸ ਦਾ ਹੱਥ ਭਾਰਤ ਵਿਰੋਧੀਆਂ ਦੇ ਨਾਲ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਬੁੱਧਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ ‘ਤੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਰਾਹੁਲ ਗਾਂਧੀ ਨੇ ਅਮਰੀਕਾ ‘ਚ ਆਪਣੀ ਫੇਰੀ ਦੌਰਾਨ ਭਾਰਤ ਵਿਰੋਧੀ ਅਮਰੀਕੀ ਸੰਸਦ ਮੈਂਬਰ ਏਲਾਨ ਉਮਰ ਨਾਲ ਮੁਲਾਕਾਤ ਕੀਤੀ। ਏਲਾਨ ਉਮਰ ਹਮੇਸ਼ਾ ਤੋਂ ਪਾਕਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਜਾਣੇ ਜਾਂਦੇ ਹਨ। ਸੰਸਦ ਮੈਂਬਰ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਕਦੇ ਵੀ ਭਾਰਤ-ਪੱਖੀ ਅਮਰੀਕੀ ਸੰਸਦ ਮੈਂਬਰਾਂ ਗਿਲਮੈਨੇ ਅਤੇ ਐਕਰਮੈਨ ਨੂੰ ਨਹੀਂ ਮਿਲੇ, ਹੁਣ ਉਹ ਤੁਲਸੀ ਗਬਾਰਡ ਨੂੰ ਵੀ ਨਹੀਂ ਮਿਲਣਗੇ। ਪਰ ਉਹ ਭਾਰਤ ਵਿਰੋਧੀ ਪੱਤਰਕਾਰ ਮੁਸਿਫਕੁਲ ਫਜ਼ਰ ਨਾਲ ਫੋਟੋ ਕਲਿੱਕ ਕਰਵਾਉਣ ‘ਤੇ ਮਾਣ ਮਹਿਸੂਸ ਕਰਦੇ ਹਨ। ਭਾਰਤ ਵਿਰੋਧੀ ਗੁਰਪਤਵੰਤ ਪੰਨੂ ਨੇ ਵੀ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਭਾਰਤ ਵਿਰੋਧੀਆਂ ਵਿੱਚ ਜ਼ਿਆਦਾ ਹਰਮਨ ਪਿਆਰੇ ਹਨ। ਰਾਹੁਲ ਗਾਂਧੀ ਭਾਰਤ ਦੇ ਪਹਿਲੇ ਵਿਰੋਧੀ ਨੇਤਾ ਹਨ ਜੋ ਵਿਦੇਸ਼ ਜਾ ਕੇ ਭਾਰਤ ਦੀਆਂ ਕਮੀਆਂ ਅਤੇ ਇੱਥੋਂ ਆਜ਼ਾਦੀ ਨਾ ਹੋਣ ਦੀ ਗੱਲ ਕਰਦੇ ਹਨ।
ਸੁਧਾਂਸ਼ੂ ਤ੍ਰਿਵੇਦੀ ਨੇ ਵਿਅੰਗ ਕਰਦਿਆਂ ਕਿਹਾ ਕਿ ਰਾਹੁਲ ਦੇ ਚਚਾ (ਸੈਮ ਪਿਤਰੋਦਾ) ਨੇ ਕਿਹਾ ਹੈ ਕਿ ਹੁਣ ਉਹ ਪੱਪੂ ਨਹੀਂ ਰਹੇ। ਉਨ੍ਹਾਂ ਦਾ ਕਹਿਣਾ ਸੱਚ ਹੈ ਕਿਉਂਕਿ ਪਹਿਲਾਂ ਰਾਹੁਲ ਗਾਂਧੀ ਬਚਕਾਨਾ ਹਰਕਤਾਂ ਕਰਦੇ ਸਨ ਪਰ ਹੁਣ ਉਹ ਅਜਿਹੀਆਂ ਸ਼ੈਤਾਨੀ ਹਰਕਤਾਂ ਕਰ ਰਹੇ ਹਨ ਜੋ ਦੇਸ਼ ਲਈ ਘਾਤਕ ਹਨ। ਰਾਹੁਲ ਗਾਂਧੀ ਚੀਨ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਨ ਪਰ ਇਹ ਕਦੇ ਨਹੀਂ ਕਹਿੰਦੇ ਕਿ ਚੀਨ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਅਲੀ ਬਾਬਾ ਪ੍ਰਮੁੱਖ ਜੈਕ ਮਾ ਕਿੱਥੇ ਗਾਇਬ ਹੋ ਗਏ। ਇਸ ਦੇ ਬਾਵਜੂਦ ਉਨ੍ਹਾਂ ਨੂੰ ਤਾਨਾਸ਼ਾਹੀ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਦਿਖਾਈ ਦਿੰਦੀ ਹੈ ਅਤੇ ਭਾਰਤ ਵਿੱਚ ਡਰ ਦਿਖਾਈ ਦਿੱਤਾ ਹੈ। ਰਾਹੁਲ ਗਾਂਧੀ ਭਾਰਤ ਦੇ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਦੇ ਭਾਸ਼ਣਾਂ ‘ਤੇ ਨਜ਼ਰ ਮਾਰੋ, ਤੁਸੀਂ ਭਾਰਤ ਬਾਰੇ ਚਾਰ ਚੰਗੇ ਸ਼ਬਦ ਨਹੀਂ ਸੁਣੋਗੇ।
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਉਹ ਦਿਨ ਲੰਘ ਗਏ ਹਨ ਜਦੋਂ ਵਿਦੇਸ਼ੀ ਤਾਕਤਾਂ ਭਾਰਤ ਦੀ ਬਾਂਹ ਮਰੋੜ ਸਕਦੀਆਂ ਸਨ। ਇੱਕ ਸਮਾਂ ਸੀ ਜਦੋਂ ਲੋਕ ਵਿਦੇਸ਼ੀ ਪ੍ਰੇਰਨਾ ਅਤੇ ਸਮਰਥਨ ਦੇ ਆਧਾਰ ‘ਤੇ ਭਾਰਤ ਵੱਲ ਅੱਖਾਂ ਦਿਖਾਉਂਦੇ ਸਨ। ਰਾਹੁਲ ਗਾਂਧੀ ਅੱਜ ਵੀ ਉਸੇ ਮਾਨਸਿਕਤਾ ਵਿਚ ਵਿਚਰ ਰਹੇ ਹਨ, ਇਸੇ ਕਰਕੇ ਉਹ ਵਿਦੇਸ਼ ਦੌਰਿਆਂ ਦੌਰਾਨ ਭਾਰਤ ਵਿਰੋਧੀ ਬਿਆਨ ਦਿੰਦੇ ਹਨ। ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਵਾਰ ਭਾਰਤ ਕਿਸੇ ਦੇ ਦਬਾਅ ਅਤੇ ਪ੍ਰਭਾਵ ਹੇਠ ਆਉਣ ਵਾਲਾ ਨਹੀਂ ਹੈ। ਇਹ ਨਵਾਂ ਭਾਰਤ ਅਤੇ ਵਧ ਰਿਹਾ ਭਾਰਤ ਹੈ।
ਅਫਜ਼ਲ ਗੁਰੂ ਦੀ ਪਹਿਲੀ ਬਰਸੀ ‘ਤੇ ਜੇਐਨਯੂ ਜਾਣ, ਉਸਦੀ ਫਾਂਸੀ 6 ਮਹੀਨੇ ਤੱਕ ਲਟਕਾਉਣ, ਯਾਕੂਬ ਮੇਮਨ ਅਤੇ ਬੁਰਹਾਨ ਵਾਨੀ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਣ, ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਸਮਰਥਨ ਕਰਨ, ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨ ਤੋਂ ਮਿਲੇ ਧਨ ਅਤੇ ਕਿਸੇ ਸਮਝੌਤੇ ਦੀ ਚਰਚਾ ਕਰਦੇ ਹੋਏ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਦੇਸ਼ ਦੀ ਏਕਤਾ ਨੂੰ ਟਿੱਚ ਜਾਣਦੇ ਹੋਏ ਇਸਨੂੰ ਕਮਜ਼ੋਰ ਕਰਨ ਵਾਲਿਆਂ ਅਤੇ ਵੰਡਣ ਵਾਲਿਆਂ ਦੀ ਸੋਚ ਦੇ ਨਾਲ ਰਹੀ ਹੈ।
ਹਿੰਦੂਸਥਾਨ ਸਮਾਚਾਰ