Malerkotla News: ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਏਕਤਾ ਮੰਚ ਅਤੇ ਏ.ਓ.ਜੇ.ਈ. ਦੇ ਸੱਦੇ ’ਤੇ ਵਿਸ਼ਾਲ ਗੇਟ ਰੈਲੀ ਕੀਤੀ ਗਈ। ਸਮੂਹਿਕ ਛੁੱਟੀ (ਮਾਸ ਕੈਜੂਅਲ ਲੀਵ) ਦੇ ਸਬੰਧ ਵਿੱਚ ਕੀਤੀ ਗਈ ਇਸ ਗੇਟ ਰੈਲੀ ਮੌਕੇ ਵੱਡੀ ਗਿਣਤੀ ਵਿੱਚ ਆਗੂ/ਵਰਕਰ ਸ਼ਾਮਲ ਹੋਏ। ਇਸ ਗੇਟ ਰੈਲੀ ਨੂੰ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਕੋਈ ਵੀ ਮੁਲਾਜ਼ਮ ਮਸਲਾ ਹੱਲ ਨਹੀਂ ਕਰ ਰਹੀ। ਆਪਣੀਆਂ ਹੱਕੀ ਅਤੇ ਵਾਜਿਬ ਮੰਗਾਂ ਨੂੰ ਪ੍ਰਾਪਤ ਕਰਨ ਲਈ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹਨ। ਬਿਜਲੀ ਮੰਤਰੀ ਪੰਜਾਬ ਸਰਕਾਰ ਨਾਲ 31-07-2024 ਅਤੇ 06-09-2024 ਦੀਆਂ ਮੀਟਿੰਗਾਂ ਵਿੱਚ ਹੋਈਆਂ ਸਹਿਮਤੀਆਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ.
ਇਨ੍ਹਾਂ ਮੀਟਿੰਗਾਂ ਵਿੱਚ ਹੋਈਆਂ ਸਹਿਮਤੀ ਵਿੱਚ ਮੁੱਖ ਤੌਰ ’ਤੇ ਬਿਜਲੀ ਨਾਲ ਹੋਈ ਮੌਤ ’ਤੇ ਸ਼ਹੀਦ ਦਾ ਦਰਜਾ ਦੇਣਾ ਅਤੇ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣੀ, ਗਰਿੱਡਾਂ ’ਤੇ ਕੰਮ ਕਰਦੇ ਆਰ.ਟੀ.ਐਮ. ਦੀ ਤਰੱਕੀ ਵਿੱਚ ਆਈ ਖੜੌਤ ਦੂਰ ਕਰਕੇ ਸਹਾਇਕ ਲਾਈਨਮੈਨ ਜਾਂ ਏ.ਐਸ.ਐਸ.ਏ. ਬਣਾਉਣਾ ਅਤੇ ਸਹਾਇਕ ਲਾਈਨਮੈਨਾਂ ਤੋਂ ਲਾਈਨਮੈਨ ਦੀ ਤਰੱਕੀ ਕਰਨਾ, 23 ਸਾਲਾਂ ਸਕੇਲ ਅਗਲੀ ਤਰੱਕੀ ਦੀ ਥਾਂ ’ਤੇ ਤੀਜੀ ਤਰੱਕੀ ’ਤੇ ਕਰਨਾ, ਓ.ਸੀ. ਸਮੇਤ ਬਾਕੀ ਰਹਿੰਦੀਆਂ ਕੈਟਾਗਿਰੀਆਂ ਨੂੰ ਪੇ-ਬੈਂਡ ਦੇਣਾ, ਸੀ.ਆਰ.ਏ. 295/19 ਦੇ ਬਾਕੀ ਰਹਿੰਦੇ ਕਰਮਚਾਰੀਆਂ ਦੀ ਤਨਖ਼ਾਹ ਪੂਰੇ ਸਕੇਲ ਵਿੱਚ ਰਿਲੀਜ਼ ਕਰਨਾ, ਅਦਾਰੇ ਵਿੱਚ ਵਰਕ ਲੋਡ ਨਾਰਮਜ਼ ਅਨੁਸਾਰ ਨਵੀਂ ਭਰਤੀ ਕਰਨਾ ਅਤੇ ਖ਼ਾਲੀ ਅਸਾਮੀਆਂ ਭਰਨਾ ਸ਼ਾਮਲ ਹੈ। ਇਨ੍ਹਾਂ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਬਿਜਲੀ ਮੁਲਾਜ਼ਮ ਮਿਤੀ 10-09-2024 ਤੋਂ 12-09-2024 ਤੱਕ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਹਨ ਅਤੇ ਮਿਤੀ 30-09-2024 ਤੱਕ ਵਰਕ ਟੂ ਰੂਲ ਅਨੁਸਾਰ ਕੰਮ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ