Chandigarh News: ਪੰਜਾਬ ਸਰਕਾਰ ਨੇ ਬੱਸ ਸਫਰ ਮਹਿੰਗਾ ਕਰ ਦਿੱਤਾ ਹੈ। ਜਿਸ ਕਾਰਨ ਹੁਣ ਸਫਰ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸ਼ਨੀਵਾਰ ਨੂੰ ਪੰਜਾਬ ‘ਚ ਬੱਸ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਸਭ ਤੋਂ ਵੱਧ ਵਾਧਾ 46 ਪੈਸੇ ਪ੍ਰਤੀ ਕਿਲੋਮੀਟਰ ਹੈ। ਅਜਿਹੇ ‘ਚ ਜੇਕਰ ਤੁਸੀਂ 100 ਕਿਲੋਮੀਟਰ ਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ 46 ਰੁਪਏ ਜ਼ਿਆਦਾ ਦੇਣੇ ਪੈਣਗੇ।
ਜਾਣੋਂ ਹੁਣ ਏਸੀ ਬੱਸ ਦਾ ਕਿਰਾਇਆ ਕਿੱਨਾ ਹੋਏਗਾ
ਕਿਰਾਏ ਵਿੱਚ ਵਾਧੇ ਦਾ ਨਿਯਮ ਐਤਵਾਰ ਤੋਂ ਲਾਗੂ ਹੋ ਗਿਆ ਹੈ। ਆਮ ਬੱਸ ਦਾ ਕਿਰਾਇਆ ਹੁਣ 145 ਪੈਸੇ ਪ੍ਰਤੀ ਕਿਲੋਮੀਟਰ ਹੈ। ਪਹਿਲਾਂ ਇਹ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਸੀ। ਹੁਕਮਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਆਮ ਏਸੀ ਬੱਸ ਦੇ ਕਿਰਾਏ ਵਿੱਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਮੁਤਾਬਕ ਹੁਣ ਆਮ ਏਸੀ ਬੱਸ ਦਾ ਕਿਰਾਇਆ 174 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਪਹਿਲਾਂ ਇਹ 146 ਪੈਸੇ ਪ੍ਰਤੀ ਕਿਲੋਮੀਟਰ ਸੀ।
ਇਸ ਦੇ ਨਾਲ ਹੀ ਇੰਟੈਗਰਲ ਕੋਚ ਦੇ ਕਿਰਾਏ ਵਿੱਚ 42 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਇੰਟੈਗਰਲ ਕੋਚ ਦੇ ਪ੍ਰਤੀ ਕਿਲੋਮੀਟਰ 261 ਪੈਸੇ ਵਸੂਲੇ ਜਾਣਗੇ। ਪਹਿਲਾਂ ਇੰਟੈਗਰਲ ਕੋਚ ਦਾ ਕਿਰਾਇਆ 219 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਤੋਂ ਇਲਾਵਾ ਸੁਪਰ ਇੰਟੈਗਰਲ ਕੋਚ ਦੇ ਕਿਰਾਏ ‘ਚ 46 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਸੁਪਰ ਇੰਟੈਗਰਲ ਕੋਚ ਲਈ 290 ਪੈਸੇ ਪ੍ਰਤੀ ਕਿਲੋਮੀਟਰ ਦਾ ਖਰਚਾ ਲਿਆ ਜਾਵੇਗਾ, ਜੋ ਪਹਿਲਾਂ 244 ਪੈਸੇ ਪ੍ਰਤੀ ਕਿਲੋਮੀਟਰ ਸੀ।
ਕਿਓਂ ਵਧਾਇਆ ਗਿਆ ਕਿਰਾਇਆ
ਪੰਜਾਬ ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਕਿਰਾਏ ਵਿੱਚ ਵਾਧਾ ਮਾਲੀਆ ਵਧਾਉਣ ਲਈ ਕੀਤਾ ਗਿਆ ਹੈ। ਵਿਭਾਗ ਦਾ ਅਨੁਮਾਨ ਹੈ ਕਿ ਕਿਰਾਏ ਵਿੱਚ ਵਾਧੇ ਨਾਲ ਰਾਜ ਨੂੰ 150 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।