Kolkata News: ਕੋਲਕਾਤਾ ਸਥਿਤ ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੂੰ ਇਸ ਘੁਟਾਲੇ ਤੋਂ ਕਮਾਏ ਕਾਲੇ ਧਨ ਦਾ ਇੱਕ ਹਿੱਸਾ ਹਵਾਲਾ ਦੇ ਰਾਹੀਂ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਰੀਅਲ ਅਸਟੇਟ ਕਾਰੋਬਾਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਨਿਵੇਸ਼ ਕੀਤੇ ਜਾਣ ਦੇ ਸੁਰਾਗ ਮਿਲੇ ਹਨ।
ਸੂਤਰਾਂ ਮੁਤਾਬਕ ਜਾਂਚ ਦੌਰਾਨ ਜ਼ਬਤ ਕੀਤੇ ਗਏ ਵੱਖ-ਵੱਖ ਦਸਤਾਵੇਜ਼ਾਂ ਤੋਂ ਜਾਂਚ ਅਧਿਕਾਰੀਆਂ ਨੂੰ ਦੋ ਬੰਗਲਾਦੇਸ਼ੀ ਕਾਰੋਬਾਰੀਆਂ ਦੇ ਨਾਮ ਮਿਲੇ ਹਨ, ਜੋ ਰੀਅਲ ਅਸਟੇਟ ਦੇ ਕਾਰੋਬਾਰ ‘ਚ ਦਿਲਚਸਪੀ ਰੱਖਦੇ ਹਨ ਅਤੇ ਹਾਲ ਹੀ ਦੇ ਦਿਨ੍ਹਾਂ ‘ਚ ਅਕਸਤ ਕੋਲਕਾਤਾ ਆ ਰਹੇ ਸਨ। ਇਹ ਕਾਰੋਬਾਰੀ ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਮਿਲਦੇ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਪਿਛਲੇ ਹਫਤੇ, ਈਡੀ ਅਧਿਕਾਰੀਆਂ ਨੇ ਕੋਲਕਾਤਾ ਦੇ ਉੱਤਰੀ ਉਪਨਗਰ ਸਾਲਟ ਲੇਕ ਵਿੱਚ ਇੱਕ ਕਾਰੋਬਾਰੀ ਸਵਪਨ ਸਾਹਾ ਦੇ ਘਰ ਤੋਂ 7 ਕਰੋੜ ਰੁਪਏ ਦੇ ਸੋਨੇ ਦੀ ਖੇਪ ਜ਼ਬਤ ਕੀਤੀ। ਸਵਪਨ ਸਾਹਾ ਨੂੰ ਸੰਦੀਪ ਘੋਸ਼ ਦਾ ਕਰੀਬੀ ਮੰਨਿਆ ਜਾਂਦਾ ਹੈ। ਜਦੋਂ ਸਾਹਾ ਇਸ ਸੋਨੇ ਦੀ ਖਰੀਦ ਜਾਂ ਇਸਦੀ ਫੰਡਿੰਗ ਦੇ ਸਰੋਤ ਬਾਰੇ ਕੋਈ ਤਸੱਲੀਬਖਸ਼ ਜਾਣਕਾਰੀ ਨਹੀਂ ਦੇ ਸਕੇ ਤਾਂ ਈਡੀ ਅਧਿਕਾਰੀਆਂ ਨੇ ਖੇਪ ਨੂੰ ਜ਼ਬਤ ਕਰ ਲਿਆ। ਸ਼ੱਕ ਹੈ ਕਿ ਇਹ ਸੋਨਾ ਦੁਬਈ ਤੋਂ ਬੰਗਲਾਦੇਸ਼ ਰਾਹੀਂ ਤਸਕਰੀ ਕਰਕੇ ਕੋਲਕਾਤਾ ਲਿਆਂਦਾ ਗਿਆ ਸੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਈਡੀ ਨੇ ਇਸ ਮਾਮਲੇ ਵਿੱਚ ਖੁਦ ਨੋਟਿਸ ਲਿਆ ਹੈ ਅਤੇ ਇੱਕ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਾਇਰ ਕੀਤੀ ਹੈ। ਇਸ ਤੋਂ ਬਾਅਦ, ਈਡੀ ਦੇ ਅਧਿਕਾਰੀਆਂ ਨੇ ਕਈ ਸ਼ੈੱਲ ਕੰਪਨੀਆਂ ਦੀ ਮੌਜੂਦਗੀ ਦਾ ਪਤਾ ਲਗਾਇਆ, ਜੋ ਘੋਸ਼ ਦੇ ਨਜ਼ਦੀਕੀ ਕਾਰੋਬਾਰੀਆਂ ਲਈ ਮੈਡੀਕਲ ਉਪਕਰਣਾਂ ਜਾਂ ਰੱਖ-ਰਖਾਅ ਦੇ ਕੰਮ-ਆਰਡਰਾਂ ਲਈ ਇਕਰਾਰਨਾਮੇ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਸਨ।
ਈਡੀ ਸੰਦੀਪ ਘੋਸ਼ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ ਅਤੇ ਉਸ ਦੀਆਂ ਕਈ ਸੰਪਤੀਆਂ ਦਾ ਪਤਾ ਲਗਾਇਆ ਹੈ, ਜਿਸ ਵਿੱਚ ਕੋਲਕਾਤਾ ਵਿੱਚ ਇੱਕ ਜੁੜਵਾ ਫਲੈਟ ਅਤੇ ਉਪਨਗਰ ਵਿੱਚ ਇੱਕ ਉੱਚ ਪੱਧਰੀ ਰਿਜ਼ੋਰਟ ਬੰਗਲਾ ਸ਼ਾਮਲ ਹੈ, ਜਿਸ ਦੀ ਬਾਜ਼ਾਰੀ ਕੀਮਤ ਕਈ ਕਰੋੜ ਦੱਸੀ ਜਾਂਦੀ ਹੈ।
ਸੂਤਰਾਂ ਮੁਤਾਬਕ ਈਡੀ ਅਧਿਕਾਰੀ ਇਸ ਮਾਮਲੇ ‘ਚ ਹੋਰ ਸੁਰਾਗ ਹਾਸਲ ਕਰਨ ਲਈ ਘੋਸ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਨਾਲ ਜੁੜੇ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੇ ਹਨ। ਈਡੀ ਤੋਂ ਇਲਾਵਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀ ਵੀ ਆਰਜੀ ਕਰ ਵਿੱਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੀ ਸਮਾਨਾਂਤਰ ਜਾਂਚ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ