Sri Anandpur Sahib News: ਨਵੀਂ ਆ ਰਹੀ ਪੰਜਾਬੀ ਫ਼ਿਲਮ “ਅਰਦਾਸ ਸਰਬੱਤ ਦੇ ਭਲੇ ਦੀ” ਦੇ ਕਲਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਅਦਾਕਾਰਾ ਜੈਸਮੀਨ ਭਸੀਨ, ਪ੍ਰਿੰਸ ਕਮਲਜੀਤ ਸਿੰਘ ਪੰਮਾ ਸਮੇਤ ਸਮੁੱਚੀ ਟੀਮ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਵੀ ਕੀਤੀ। ਬਾਅਦ ਵਿਚ ਸੂਚਨਾ ਦਫਤਰ ਵਿਖੇ ਗੱਲਬਾਤ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ ਕਿ ਇਹ ਫ਼ਿਲਮ ਪੰਜਾਬ ਤੋਂ ਲੈ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਦੀ ਯਾਤਰਾ ‘ਤੇ ਅਧਾਰਿਤ ਹੈ, ਜਿਸ ਵਿਚ ਬਹੁਤ ਸਾਰੇ ਲੋਕ ਸ਼ਾਮਿਲ ਹਨ ਅਤੇ ਇਸ ਸਫ਼ਰ ਵਿਚ ਇਨ੍ਹਾਂ ਲੋਕਾਂ ਦੇ ਜੀਵਨ ਨੂੰ ਵੱਖ-ਵੱਖ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ 2016 ਵਿਚ ਅਰਦਾਸ ਫ਼ਿਲਮ ਬਣਾਈ ਸੀ ਅਤੇ ਅਰਦਾਸ ਦੀ ਉਨਾਂ ਦੇ ਜੀਵਨ ਵਿਚ ਬਹੁਤ ਵੱਡੀ ਥਾਂ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਇਸ ਫ਼ਿਲਮ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਹ ਛੋਟੇ ਹੁੰਦੇ ਟਰੈਕਟਰ ਟਰਾਲੀਆਂ ‘ਤੇ ਬੈਠ ਕੇ ਆਉਂਦੇ ਹੁੰਦੇ ਸਨ ਤੇ ਇਸ ਥਾਂ ਨਾਲ ਉਹਨਾਂ ਦੀ ਡੂੰਘੀ ਸਾਂਝ ਹੈ, ਜਿਸ ਲਈ ਉਹ ਸ਼ੁਕਰਾਨਾ ਅਤੇ ਅਰਦਾਸ ਕਰਨ ਆਏ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਫ਼ਿਲਮ ਨੂੰ ਇਕ ਵਾਰ ਜਰੂਰ ਦੇਖਣ।
ਹਿੰਦੂਸਥਾਨ ਸਮਾਚਾਰ