Kapurthala News: ਪੰਜਾਬ ’ਚ ਬਾਲ ਵਿਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਬਾਲ ਵਿਆਹ ਕਰਨ ਦੇ ਮਾਮਲੇ ਵਿੱਚ ਪਤੀ ਸਮੇਤ ਬਰਾਤ ਵਿੱਚ ਸ਼ਾਮਲ ਹੋਣ ਵਾਲਿਆਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਾਲ ਵਿਆਹ ਕਪੂਰਥਲਾ ਦੇ ਭੁਲੱਥ ਵਿੱਚ ਹੋਇਆ। ਇਸ ਮਾਮਲੇ ‘ਚ ਬਾਲ ਸੁਰੱਖਿਆ ਵਿਭਾਗ ਦੇ ਹੁਕਮਾਂ ‘ਤੇ ਚਾਈਲਡ ਹੈਲਪਲਾਈਨ 1098 ‘ਤੇ ਨਾਬਾਲਿਗ ਲੜਕੀ ਅਤੇ ਉਸ ਦੀ ਮਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਨਾਬਾਲਿਗ ਦੇ ਪਤੀ ਸਮੇਤ ਵਿਆਹ ‘ਚ ਸ਼ਾਮਲ 7 ਬਰਾਤੀਆਂ ‘ਤੇ ਥਾਣਾ ਭੁਲੱਥ ‘ਚ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਭੁੱਲਥ ਵਾਸੀ ਨਾਬਾਲਿਗ ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ, ਨੇ 5 ਸਤੰਬਰ ਨੂੰ ਚਾਈਲਡ ਹੈਲਪਲਾਈਨ 1098 ‘ਤੇ ਫੋਨ ਕੀਤਾ ਸੀ। ਨਾਬਾਲਗ ਨੇ ਬਾਲ ਵਿਆਹ ਦੀ ਸ਼ਿਕਾਇਤ ਦਰਜ ਕਰਵਾਈ। ਨਾਬਾਲਿਗ ਨੇ ਭੁਲੱਥ ਦੇ ਪਿੰਡ ਕਮਰਾਏ ਦੇ ਕੁਝ ਲੋਕਾਂ ‘ਤੇ ਦੋਸ਼ ਲਾਇਆ ਕਿ 20 ਜੂਨ 2023 ਨੂੰ ਉਸ ਦਾ ਵਿਆਹ ਲਖਵਿੰਦਰ ਸਿੰਘ ਨਾਲ ਜ਼ਬਰਦਸਤੀ ਕਰ ਦਿੱਤਾ ਗਿਆ। ਕਰਮਜੀਤ ਸਿੰਘ ਵੀ ਉਸ ਸਮੇਂ ਨਾਬਾਲਿਗ ਸੀ। ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਿਕਾਇਤ ਦੀ ਜਾਂਚ ਨਡਾਲਾ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀਡੀਪੀਓ) ਬਲਵਿੰਦਰਜੀਤ ਸਿੰਘ ਨੂੰ ਸੌਂਪੀ ਗਈ ਸੀ। ਸੀ.ਡੀ.ਪੀ.ਓ ਬਲਵਿੰਦਰਜੀਤ ਸਿੰਘ ਅਨੁਸਾਰ ਸਾਲ 2023 ‘ਚ ਉਕਤ ਬਾਲ ਵਿਆਹ ‘ਚ ਦੋਹਾਂ ਪਰਿਵਾਰਾਂ ‘ਚ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ ਸੀ, ਜਿਸ ‘ਚ ਦੋਵਾਂ ਨਾਬਾਲਿਗਾਂ ਦੇ ਬਾਲਗ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕੁਝ ਦਿਨਾਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਤਕਰਾਰ ਹੋ ਗਿਆ ਅਤੇ 20 ਜੂਨ 2023 ਨੂੰ ਦੋਵਾਂ ਨਾਬਾਲਗਾਂ ਦਾ ਜਬਰਨ ਬਾਲ ਵਿਆਹ ਕਰ ਦਿੱਤਾ ਗਿਆ।
ਪੀੜਤ ਲੜਕੀ ਅਤੇ ਉਸ ਦੀ ਮਾਂ ਵੱਲੋਂ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਸ਼ਿਕਾਇਤ ‘ਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਲੜਕੀ ਦੀ ਮਾਂ ਨੇ ਦੱਸਿਆ ਕਿ ਵਿਆਹ ਸਮੇਂ ਉਨ੍ਹਾਂ ਦੀ ਲੜਕੀ ਦੀ ਉਮਰ ਸਿਰਫ 13 ਸਾਲ 7 ਮਹੀਨੇ ਸੀ। ਉਸ ਦਾ ਲਾੜਾ ਕਰਮਜੀਤ ਸਿੰਘ ਵੀ ਵਿਆਹ ਸਮੇਂ ਨਾਬਾਲਗ ਸੀ।
ਹਿੰਦੂਸਥਾਨ ਸਮਾਚਾਰ