Kolkata News: ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਫੜੇ ਗਏ ਸਿਵਲ ਵਲੰਟੀਅਰ ਸੰਜੇ ਰਾਏ ਨੇ ਪੋਲੀਗ੍ਰਾਫ਼ ਟੈਸਟ ਦੌਰਾਨ ਦਾਅਵਾ ਕੀਤਾ ਕਿ ਉਸਦੀ ਨਿਯਮਤ ਆਵਾਜਾਈ ਆਰ.ਜੀ. ਕਰ ਵਿੱਚ ਨਹੀਂ ਸਗੋਂ ਹੋਰ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਸੀ। ਰਾਏ ਨੇ ਇਸ ਕੇਸ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ ਪਰ ਉਸਦੇ ਵਕੀਲ ਨੇ ਮੰਨਿਆ ਕਿ ਰਾਏ ਦੇ ਬਿਆਨ ਦੀ ਜਾਂਚ ਹੋਣੀ ਚਾਹੀਦੀ ਹੈ।
ਸੂਤਰਾਂ ਮੁਤਾਬਕ ਪੋਲੀਗ੍ਰਾਫ ਟੈਸਟ ਦੌਰਾਨ ਮੁਲਜ਼ਮ ਸੰਜੇ ਰਾਏ ਤੋਂ 10 ਸਵਾਲ ਪੁੱਛੇ ਗਏ ਸਨ। ਹਰ ਸਵਾਲ ਦੇ ਜਵਾਬ ਵਿੱਚ ਉਸਨੇ ਕਿਹਾ ਕਿ ਉਹ ਇਸ ਅਪਰਾਧ ਵਿੱਚ ਸ਼ਾਮਲ ਨਹੀਂ ਹੈ। ਸੀ.ਬੀ.ਆਈ. ਨੇ ਮੁਲਜ਼ਮ ਤੋਂ ਪੁੱਛੇ ਗਏ ਸਵਾਲਾਂ ‘ਚੋਂ ਇਕ ਇਹ ਸੀ ਕਿ ਉਹ ਕਤਲ ਤੋਂ ਬਾਅਦ ਸੈਮੀਨਾਰ ਹਾਲ ‘ਚੋਂ ਨਿਕਲਦੇ ਸਮੇਂ ਕਮਰੇ ਨੂੰ ਕਿਵੇਂ ਸਜਾ ਕੇ ਗਿਆ ਸੀ ? ਇਸਦੇ ਜਵਾਬ ਵਿਚ ਮੁਲਜ਼ਮ ਨੇ ਸਪੱਸ਼ਟ ਕਿਹਾ ਕਿ ਉਸਨੇ ਕੋਈ ਕਤਲ ਨਹੀਂ ਕੀਤਾ, ਇਸ ਲਈ ਕਮਰੇ ਦੀ ਸਜਾਵਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮੁਲਜ਼ਮ ਨੇ ਆਪਣੀ ਵਿਦਿਅਕ ਯੋਗਤਾ ਬਾਰੇ ਦੱਸਿਆ ਕਿ ਉਸਨੇ ਸੈਕੰਡਰੀ ਪੱਧਰ ਤੱਕ ਪੜ੍ਹਾਈ ਕੀਤੀ ਹੈ। ਵਕੀਲ ਅਨੁਸਾਰ ਪੋਲੀਗ੍ਰਾਫ਼ ਟੈਸਟ ਦੌਰਾਨ ਮੁਲਜ਼ਮ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਆਰ.ਜੀ. ਕਰ ਦੀ ਥਾਂ ਕਿਸੇ ਹੋਰ ਸਰਕਾਰੀ ਹਸਪਤਾਲ ਵਿੱਚ ਲਿਆਇਆ ਜਾਵੇ ਤਾਂ ਉਸ ਬਾਰੇ ਸਹੀ ਜਾਣਕਾਰੀ ਮਿਲਦੀ। ਉਸਨੇ ਕਿਹਾ ਕਿ ਉਹ ਉਸੇ ਹਸਪਤਾਲ ਵਿੱਚ ਉਸਦੀ ਆਵਾਜਾਈ ਸੀ ਅਤੇ ਉੱਥੇ ਦਾ ਸਟਾਫ਼ ਉਸਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸਨੇ ਭਰੋਸਾ ਪ੍ਰਗਟਾਇਆ ਕਿ ਹਸਪਤਾਲ ਦਾ ਸਟਾਫ਼ ਉਸਦੇ ਚਰਿੱਤਰ ਬਾਰੇ ਸਹੀ ਜਾਣਕਾਰੀ ਦੇਵੇਗਾ। ਸੂਤਰਾਂ ਅਨੁਸਾਰ ਮੁਲਜ਼ਮ ਨੇ ਸਿਆਲਦਾਹ ਦੇ ਇੱਕ ਸਰਕਾਰੀ ਹਸਪਤਾਲ ਦਾ ਨਾਮ ਲਿਆ ਹੈ।
ਮੁਲਜ਼ਮ ਜਿਸ ਬਾਈਕ ਦੀ ਵਰਤੋਂ ਕਰਦਾ ਸੀ ਉਸ ’ਤੇ ‘ਪੁਲਸ’ ਲਿਖਿਆ ਹੋਇਆ ਸੀ। ਉਸ ਤੋਂ ਪੁੱਛਿਆ ਗਿਆ ਕਿ ਉਸਨੂੰ ਇਹ ਬਾਈਕ ਕਿਸ ਕੋਲੋਂ ਮਿਲੀ? ਉਸਨੇ ਦੱਸਿਆ ਕਿ ਕੋਲਕਾਤਾ ਪੁਲਸ ਦੇ ਏਐਸਆਈ ਅਨੂਪ ਦੱਤਾ ਨੇ ਉਸਨੂੰ ਇਹ ਬਾਈਕ ਵਰਤਣ ਲਈ ਦਿੱਤੀ ਸੀ। ਵਰਨਣਯੋਗ ਹੈ ਕਿ ਸੀਬੀਆਈ ਨੇ ਉਕਤ ਪੁਲਸ ਅਧਿਕਾਰੀ ਤੋਂ ਪੁੱਛਗਿੱਛ ਵੀ ਕੀਤੀ ਹੈ।
8 ਅਗਸਤ ਦੀ ਰਾਤ ਨੂੰ ਮੁਲਜ਼ਮ ਆਰ.ਜੀ. ਕਰ ਹਸਪਤਾਲ ਕਿਉਂ ਗਿਆ ਸੀ? ਪੋਲੀਗ੍ਰਾਫ਼ ਟੈਸਟ ਵਿੱਚ ਉਸਨੇ ਦੱਸਿਆ ਕਿ ਉਸਦੇ ਦੋਸਤ ਦਾ ਵੱਡਾ ਭਰਾ ਉੱਥੇ ਦਾਖ਼ਲ ਸੀ ਅਤੇ ਉਹ ਉਸਨੂੰ ਦੇਖਣ ਗਿਆ ਸੀ। ਹਾਲਾਂਕਿ, ਉਸਨੇ ਵਾਰ-ਵਾਰ ਇਨਕਾਰ ਕੀਤਾ ਕਿ ਉਸ ਰਾਤ ਵਾਪਰੀ ਘਟਨਾ ਨਾਲ ਉਸਦਾ ਕੋਈ ਸਬੰਧ ਸੀ।
ਜ਼ਿਕਰਯੋਗ ਹੈ ਕਿ 9 ਅਗਸਤ ਨੂੰ ਆਰਜੀ ਕਰ ਹਸਪਤਾਲ ‘ਚ ਮਹਿਲਾ ਡਾਕਟਰ ਦੀ ਲਾਸ਼ ਬਰਾਮਦ ਹੋਈ ਸੀ। ਇੱਕ ਦਿਨ ਦੇ ਅੰਦਰ ਹੀ ਪੁਲਿਸ ਨੇ ਸਿਵਿਕ ਵਲੰਟੀਅਰ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਸੀ ਕਿ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ਤਾਂ ਹੁਣ ਉਹ ਇਸ ਤੋਂ ਇਨਕਾਰ ਕਿਉਂ ਕਰ ਰਿਹਾ ਹੈ? ਮੁਲਜ਼ਮ ਨੇ ਵਕੀਲ ਨੂੰ ਦੱਸਿਆ ਕਿ ਪੁਲਿਸ ਨੇ ਉਸ ‘ਤੇ ਤਸ਼ੱਦਦ ਕੀਤਾ ਸੀ, ਇਸ ਲਈ ਉਸਨੂੰ ਜ਼ੁਰਮ ਕਬੂਲ ਕਰਨਾ ਪਿਆ।
ਹਿੰਦੂਸਥਾਨ ਸਮਾਚਾਰ