Vidisha, MP: ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਲਟੇਰੀ ਥਾਣਾ ਖੇਤਰ ‘ਚ ਸ਼ਨੀਵਾਰ ਤੜਕੇ ਸ਼ਰਧਾਲੂਆਂ ਨਾਲ ਭਰੀ ਇਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ, ਜਿਨ੍ਹਾਂ ਨੂੰ ਲਟੇਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਸ਼ਰਧਾਲੂ ਰਾਜਸਥਾਨ ਦੇ ਝਾਲਾਵਾੜ ਦੇ ਰਹਿਣ ਵਾਲੇ ਹਨ। ਉਹ ਛਤਰਪੁਰ ਦੇ ਬਾਗੇਸ਼ਵਰ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪੁਲਿਸ ਮੁਤਾਬਕ ਛੱਤਰਪੁਰ ਜ਼ਿਲ੍ਹੇ ਦੇ ਬਾਗੇਸ਼ਵਰ ਧਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਰਾਜਸਥਾਨ ਦੇ ਸ਼ਰਧਾਲੂਆਂ ਦੀ ਕਾਰ ਸ਼ਨੀਵਾਰ ਤੜਕੇ ਕਰੀਬ 3 ਵਜੇ ਸਿਰੋਂਜ ਤੋਂ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਸੇ ਦੌਰਾਨ ਇਕ ਟਰੱਕ ਪੈਟਰੋਲ ਪੰਪ ਤੋਂ ਬਾਹਰ ਨਿਕਲਿਆ, ਜਿਸ ਕਾਰਨ ਸ਼ਰਧਾਲੂਆਂ ਨਾਲ ਭਰੀ ਕਾਰ ਪਿੱਛੇ ਤੋਂ ਟਰੱਕ ਵਿਚ ਜਾ ਵੱਜੀ। ਹਾਦਸੇ ‘ਚ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਲਾਸ਼ਾਂ ਅਤੇ ਜ਼ਖਮੀਆਂ ਨੂੰ ਕੱਢਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਮ੍ਰਿਤਕਾਂ ਦੀ ਪਛਾਣ ਕਿਸ਼ਨ ਲਾਲ (60), ਕਾਰ ਚਾਲਕ ਵਿਨੋਦ ਕੁਮਾਰ ਮਾਲੀ (25), ਵਰਦੀਬਾਈ (70) ਅਤੇ ਰਾਜੂਬਾਈ ਭੀਲ (48) ਵਜੋਂ ਹੋਈ ਹੈ। ਉੱਥੇ ਹੀ ਦਿਨੇਸ਼ ਕੁਮਾਰ ਲੋਢਾ (29), ਦਰਿਆਬ ਬਾਈ (65), ਪਾਨੀ ਬਾਈ (55), ਕਮਲਾਬਾਈ (59), ਗਨੀਰਾਮ (55) ਅਤੇ ਅਨੀਤਾ ਬਾਈ (34) ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਖੇਤਰ ਦੇ ਐਸਡੀਓਪੀ ਅਜੇ ਮਿਸ਼ਰਾ ਨੇ ਦੱਸਿਆ ਕਿ ਈਕੋ ਸਪੋਰਟਸ ਕਾਰ ਵਿੱਚ 10 ਲੋਕ ਸਵਾਰ ਸਨ। ਸੀਸੀਟੀਵੀ ਫੁਟੇਜ ਵਿੱਚ ਪਤਾ ਲੱਗਿਆ ਹੈ ਕਿ ਕਾਰ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਟਕਰਾਈ ਸੀ। ਟਰੱਕ ਬਾਸੋਦਾ ਦਾ ਹੈ, ਉਸਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਲਟੇਰੀ ਥਾਣਾ ਇੰਚਾਰਜ ਸੁਰੇਸ਼ ਸੋਲੰਕੀ ਨੇ ਦੱਸਿਆ ਕਿ ਕਾਰ ‘ਚ 7 ਔਰਤਾਂ ਅਤੇ 3 ਪੁਰਸ਼ ਸਵਾਰ ਸਨ। ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਹੈ। ਪੰਜ ਔਰਤਾਂ ਸਮੇਤ ਛੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।
ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਐਕਸ ਰਾਹੀਂ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਯੋਗਤਾ ਅਨੁਸਾਰ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ