Mohali News: ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਉੱਤੇ ਵਧਾਏ ਬੈਟ ਅਤੇ ਬਿਜਲੀ ਫੀਸਾਂ ਵਿੱਚ ਸੱਤ ਕਿਲੋਵਾਟ ਤੱਕ ਕੋਈ ਬਿਜਲੀ ਦੇ ਬਿਲਾਂ ਵਿੱਚ ਪ੍ਰਤੀ ਯੂਨਿਟ ਤਿੰਨ ਰੁਪਏ ਵਾਧਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨੂੰ ਲੁੱਟਣ ਵਾਲੀ ਬਿੱਲੀ ਹੁਣ ਥੈਲੇ ਤੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਬਦਲਾਓ ਦੀ ਗੱਲ ਕਰਨ ਵਾਲੀ ਪਾਰਟੀ ਹੁਣ ਲੋਕਾਂ ਦਾ ਕਚੂਮਰ ਕੱਢਣ ਵਾਲੇ ਫੈਸਲੇ ਕਰ ਰਹੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਇਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਖੂਨ ਚੂਸਣ ਤੇ ਉਤਾਰੂ ਹੋ ਗਈ ਹੈ। ਉਹਨਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਅਤੇ ਇਸ਼ਤਹਾਰਬਾਜੀ ਵਿੱਚ ਅਰਬਾਂ ਰੁਪਏ ਖਰਚ ਕਰਨ ਵਾਲੀ ਇਹ ਪਾਰਟੀ ਆਪਣੇ ਕਥਿਤ ਮੂਲ ਸਿਧਾਂਤਾਂ ਤੋਂ ਬੁਰੀ ਤਰ੍ਹਾਂ ਭਟਕ ਚੁੱਕੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਜੋ ਕਿਹਾ ਕਰਦੇ ਸਨ ਕਿ ਵੀਵੀਆਈਪੀ ਸਿਕਿਉਰਟੀ ਖਤਮ ਕੀਤੀ ਜਾਵੇਗੀ ਦੇ ਰਾਜ ਵਿੱਚ ਮੁੱਖ ਮੰਤਰੀ ਵਾਸਤੇ ਹੀ ਸਿਕਿਉਰਟੀ ਸਭ ਤੋਂ ਜਿਆਦਾ ਵਧਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੰਤਰੀ ਮੌਜਾਂ ਕਰ ਰਹੇ ਹਨ ਅਤੇ ਇਸ ਦਾ ਸਾਰਾ ਖਰਚਾ ਆਮ ਲੋਕਾਂ ਦਾ ਖੂਨ ਨਿਚੋੜ ਕੇ ਪੂਰਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਉੱਤੇ 92 ਪੈਸੇ ਰੇਟ ਪ੍ਰਤੀ ਲੀਟਰ ਵਧਾਉਣ ਨਾਲ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੀ ਹੋਣਾ ਹੈ ਅਤੇ ਇਸ ਦਾ ਅਸਰ ਆਮ ਆਦਮੀ ਦੀ ਜੇਬ ਉੱਤੇ ਹੀ ਪੈਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੇ ਰੇਟ ਤਿੰਨ ਰੁਪਏ ਪ੍ਰਤੀ ਯੂਨਿਟ ਵਧਾ ਕੇ ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ 92 ਸੀਟਾਂ ਜਿਤਾਈਆਂ ਅਤੇ ਆਪਣਾ ਪੂਰਾ ਹੁੰਗਾਰਾ ਇਸ ਪਾਰਟੀ ਨੂੰ ਦਿੱਤਾ ਪਰ ਆਮ ਆਦਮੀ ਪਾਰਟੀ ਨੇ ਇਹਨਾਂ ਰੇਤ ਵਿੱਚ ਵਾਧਾ ਕਰਕੇ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਹੀ ਅੱਜ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਤਰਸਥਾਨ ਅਤੇ ਆਉਂਦੇ ਸਮੇਂ ਵਿੱਚ ਇਸ ਦਾ ਪੂਰਾ ਬਦਲਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲਿਆ ਜਾਵੇਗਾ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਗੇ।
ਹਿੰਦੂਸਥਾਨ ਸਮਾਚਾਰ