Bijapur News: ਤੇਲੰਗਾਨਾ-ਛੱਤੀਸਗੜ੍ਹ ਸਰਹੱਦ ‘ਤੇ ਗੁੰਡਾਲਾ-ਕਰਕਾਗੁਡੇਮ ਜੰਗਲੀ ਖੇਤਰ ‘ਚ ਵੀਰਵਾਰ ਸਵੇਰੇ ਹੋਏ ਮੁਕਾਬਲੇ ‘ਚ ਦੋ ਔਰਤਾਂ ਸਮੇਤ ਛੇ ਨਕਸਲੀ ਮਾਰੇ ਗਏ। ਕੁਝ ਨਕਸਲੀ ਜ਼ਖਮੀ ਵੀ ਹੋਏ ਹਨ। ਦੋ ਜਵਾਨਾਂ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।
ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਰੋਹਿਤ ਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਕਾਬਲੇ ਵਿੱਚ ਮਾਰੇ ਗਏ ਨਕਸਲੀਆਂ ਦੀ ਪਛਾਣ ਕੁੰਜਾ ਵਿਰਈਆ, ਤੁਲਸੀ, ਸ਼ੁਕਰਾ, ਚਾਲੋ, ਦੁਰਗੇਸ਼ ਅਤੇ ਕੋਟੋ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਅਤੇ ਪਿਨਪਾਕਾ ਮੰਡਲ ਕਰਕਾਗੁਡੇਮ ਜੰਗਲੀ ਖੇਤਰ ਵਿੱਚ ਤੜਕੇ ਹੋਏ ਮੁਕਾਬਲੇ ਵਿੱਚ ਗ੍ਰੇ-ਹੌਂਡਜ਼ ਫੋਰਸ ਦੇ ਜਵਾਨਾਂ ਨੇ ਕਮਾਂਡਰ ਲਕਸ਼ਮਣ ਸਮੇਤ ਛੇ ਨਕਸਲੀਆਂ ਨੂੰ ਮਾਰ ਮੁਕਾਇਆ। ਇਸ ਮੁਕਾਬਲੇ ‘ਚ ਤੇਲੰਗਾਨਾ ਪੁਲਿਸ ਦੇ ਦੋ ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ ਇੱਕ ਗੰਭੀਰ ਹੈ, ਜਵਾਨਾਂ ਨੂੰ ਭਦਰਾਚਲਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੂੰ ਗੁੰਡਾਲਾ-ਕਰਕਾਗੁਡੇਮ ਜੰਗਲੀ ਖੇਤਰ ‘ਚ ਵੱਡੀ ਗਿਣਤੀ ‘ਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਬੁੱਧਵਾਰ ਨੂੰ ਹੀ ਗ੍ਰੇਹਾਊਂਡਸ ਫੋਰਸ ਨੂੰ ਸਰਚ ਆਪਰੇਸ਼ਨ ਲਈ ਭੇਜਿਆ ਗਿਆ ਸੀ। ਜਵਾਨ ਵੀਰਵਾਰ ਸਵੇਰੇ ਨਕਸਲੀਆਂ ਦੇ ਟਿਕਾਣੇ ‘ਤੇ ਪਹੁੰਚੇ, ਜਿੱਥੇ ਨਕਸਲੀਆਂ ਨਾਲ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਇਸ ਤੋਂ ਬਾਅਦ ਮੌਕੇ ਤੋਂ ਛੇ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਜ਼ਿਕਰਯੋਗ ਹੈ ਕਿ ਬਸਤਰ ਡਿਵੀਜ਼ਨ ਦੇ ਨਕਸਲ ਪ੍ਰਭਾਵਿਤ ਅੰਦਰੂਨੀ ਇਲਾਕਿਆਂ ‘ਚ ਲਗਾਤਾਰ ਮੁਕਾਬਲੇ ਹੋ ਰਹੇ ਹਨ ਅਤੇ ਜਵਾਨਾਂ ਨੂੰ ਇਸ ‘ਚ ਸਫਲਤਾ ਵੀ ਮਿਲ ਰਹੀ ਹੈ। 3 ਸਤੰਬਰ ਨੂੰ ਦਾਂਤੇਵਾੜਾ ਜ਼ਿਲ੍ਹੇ ਦੇ ਬੈਲਾਡਿਲਾ ਦੀਆਂ ਪਹਾੜੀਆਂ ਦੇ ਹੇਠਾਂ ਸਥਿਤ ਪਿੰਡਾਂ ਦੇ ਜੰਗਲ ‘ਚ ਮੁਕਾਬਲਾ ਹੋਇਆ ਸੀ। ਜਵਾਨਾਂ ਨੇ ਤੇਲੰਗਾਨਾ ਨਿਵਾਸੀ ਡੀਕੇਐਸਜ਼ੈਡਸੀ ਰਣਧੀਰ ਸਮੇਤ 9 ਨਕਸਲੀਆਂ ਨੂੰ ਢੇਰੀ ਕੀਤਾ ਸੀ।
ਹਿੰਦੂਸਥਾਨ ਸਮਾਚਾਰ