Paris Paralympic: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਬੁੱਧਵਾਰ ਨੂੰ ਪੈਰਿਸ ਪੈਰਾਲੰਪਿਕ ‘ਚ ਪੁਰਸ਼ ਰਿਕਰਵ ਦੇ ਫਾਈਨਲ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਨਾਲ ਪੈਰਿਸ ਪੈਰਾਲੰਪਿਕ ‘ਚ ਭਾਰਤ ਦੇ ਹੁਣ 24 ਮੈਡਲ ਹੋ ਗਏ ਹਨ। ਇਨ੍ਹਾਂ ਵਿੱਚ ਪੰਜ ਸੋਨ, 9 ਚਾਂਦੀ ਅਤੇ 10 ਕਾਂਸੀ ਸ਼ਾਮਲ ਹਨ। ਹੁਣ ਭਾਰਤ ਪੈਰਾਲੰਪਿਕ ਦੀ ਤਗਮਾ ਸੂਚੀ ਵਿੱਚ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਹਰਵਿੰਦਰ ਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਸਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਪੈਰਾਲੰਪਿਕ ਸੋਨ ਤਮਗਾ ਹੈ। ਪੈਰਾਲੰਪਿਕ ਵਿੱਚ ਹਰਵਿੰਦਰ ਸਿੰਘ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2020 ਪੈਰਾਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਵਿੱਚ ਤੀਰਅੰਦਾਜ਼ੀ ਵਿੱਚ ਵੀ ਇਹ ਭਾਰਤ ਦਾ ਪਹਿਲਾ ਤਮਗਾ ਹੈ। ਹੁਣ ਤੱਕ ਭਾਰਤ ਨੇ ਤੀਰਅੰਦਾਜ਼ੀ ਤੋਂ ਇਲਾਵਾ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ੀ, ਅਥਲੈਟਿਕਸ ਅਤੇ ਬੈਡਮਿੰਟਨ ਵਿੱਚ ਸੋਨ ਤਗਮੇ ਜਿੱਤੇ ਹਨ।
ਗੋਲਡ ਮੈਡਲ ਮੈਚ ਵਿੱਚ ਹਰਵਿੰਦਰ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਪਹਿਲਾ ਸੈੱਟ 28-24 ਦੇ ਸਕੋਰ ਨਾਲ ਜਿੱਤ ਕੇ 2 ਅਹਿਮ ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਦੂਜੇ ਸੈੱਟ ‘ਚ ਹਰਵਿੰਦਰ ਨੇ ਫਿਰ 28 ਦਾ ਸਕੋਰ ਬਣਾਇਆ, ਜਦਕਿ ਪੋਲਿਸ਼ ਪੈਰਾ ਐਥਲੀਟ 27 ਦਾ ਸਕੋਰ ਹੀ ਬਣਾ ਸਕੇ। ਇਹ ਸੈੱਟ ਵੀ ਇਕ ਅੰਕ ਦੇ ਫਰਕ ਨਾਲ ਹਰਵਿੰਦਰ ਦੇ ਨਾਮ ਰਿਹਾ। ਫਿਰ ਤੀਜੇ ਸੈੱਟ ਵਿੱਚ ਹਰਵਿੰਦਰ ਨੇ 29-25 ਦੇ ਫਰਕ ਨਾਲ ਜਿੱਤ ਦਰਜ ਕਰਕੇ 2 ਅੰਕ ਇਕੱਠੇ ਕੀਤੇ ਅਤੇ 6-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੇ।
ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਹਰਵਿੰਦਰ ਨੇ ਇਰਾਨ ਦੇ ਪੈਰਾ ਐਥਲੀਟ ਖ਼ਿਲਾਫ਼ 1-3 ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 7-3 ਨਾਲ ਜਿੱਤ ਦਰਜ ਕਰਕੇ ਸੋਨ ਤਗ਼ਮੇ ਲਈ ਆਪਣੀ ਥਾਂ ਪੱਕੀ ਕੀਤੀ ਸੀ।
ਹਿੰਦੂਸਥਾਨ ਸਮਾਚਾਰ