Punjab Vidhan Sabha Session: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਅੱਜ ਦੂਜਾ ਦਿਨ ਹੈ। ਮਾਨਸੂਨ ਇਜਲਾਸ 4 ਸਤੰਬਰ ਤੱਕ ਚੱਲੇਗਾ। ਪਹਿਲੇ ਦਿਨ ਵਿਰੋਧੀ ਧਿਰਾਂ ਦੇ ਨਾਲ ਨਾਲ ਵਿਧਾਨ ਸਭਾ ਦੇ ਸਪੀਕਰ ਨੇ ਕਾਨੂੰਨ ਵਿਵਸਥਾ ‘ਤੇ ਮਾਨ ਸਰਕਾਰ ਨੂੰ ਘੇਰਿਆ। ਇਸ ਤੋਂ ਅਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਤਲਬ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਕੁੱਝ ਸਮਾਂ ਹਾਜ਼ਰ ਰਹੇ। ਉਨ੍ਹਾਂ ਦੀ ਗੈਰਮੌਜੂਦਗੀ ਵਿਚ ਸਿਫ਼ਰ ਕਾਲ ਦੌਰਾਨ ਸਪੀਕਰ ਨੇ ਥਾਣਾ ਸਿਟੀ ਕੋਟਕਪੂਰਾ ‘ਚ ASI ਬੋਹੜ ਸਿੰਘ ‘ਤੇ ਦਰਜ FIR ਦਾ ਵਿਸ਼ੇਸ਼ ਤੌਰ ‘ਤੇ ਗੈਂਗਸਟਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਦਾ ਜ਼ਿਕਰ ਕੀਤਾ। ਨ ਸਪੀਕਰ ਨੇ ਕਿਹਾ ਕਿ ਉਸ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਪੀਕਰ ਨੇ ਹਾਕਮ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਹ ਜਾਣਨਾ ਚਾਹਿਆ ਕਿ ਪੁਲਸ ਵਿਚਲੀਆਂ ਕਾਲੀਆਂ ਭੇਡਾਂ ਅਤੇ ਖ਼ਾਸ ਕਰਕੇ ਏਐੱਸਆਈ ਖ਼ਿਲਾਫ਼ ਕੀ ਕਾਰਵਾਈ ਹੋ ਸਕਦੀ ਹੈ।
ਸਪੀਕਰ ਨੇ ਸਦਨ ਤੋਂ ਸਹਿਮਤੀ ਲੈਣ ਮਗਰੋਂ ਏਐੱਸਆਈ ਦੇ ਮਾਮਲੇ ਚ ਡੀਜੀਪੀ ਤੋਂ ਮੰਗਲਵਾਰ ਸਵੇਰੇ 10 ਵਜੇ ਤੱਕ ਰਿਪੋਰਟ ਮੰਗੀ ਇਸ ਮਾਮਲੇ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਸਪੀਕਰ ਨੇ ਜਿਵੇਂ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਮਾਮਲੇ ‘ਤੇ ਮਸ਼ਵਰਾ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ, ‘ਮੈਂ ਤਿਆਰੀ ਤਾਂ ਕਿਸੇ ਹੋਰ ਮੁੱਦੇ ਤੇ ਬੋਲਣ ਲਈ ਕਰਕੇ ਆਇਆ ਸੀ ਪਰ ਤੁਸੀਂ ਹੋਰ ਮਾਮਲੇ ‘ਤੇ ਬੋਲਣ ਲਈ ਆਖ ਦਿੱਤਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਸਿਸਟਮ ਨੂੰ ਮਾਫ਼ੀਆ ਚਲਾਉਂਦਾ ਹੈ ਅਤੇ ਇਸ ਮਾਫ਼ੀਆ ਰਾਜ ਨੂੰ ਬਰੇਕ ਕਰਕੇ ਹੀ ਸਮਾਜ ਵਿਚਲੀ ਹਰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਏਐੱਸਆਈ ਨੂੰ ਤਾਂ ਅੱਧਾ ਘੰਟਾ ਵੀ ਸਰਵਿਸ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ ਹੈ।