Paris Paralympic: ਨਿਸ਼ਾਦ ਕੁਮਾਰ ਨੇ ਐਤਵਾਰ ਦੇਰ ਰਾਤ ਨੂੰ ਪੁਰਸ਼ਾਂ ਦੀ ਉੱਚੀ ਛਾਲ ਟੀ47 ਫਾਈਨਲ ਵਿੱਚ ਦੂਜਾ ਸਥਾਨ ਹਾਸਲ ਕਰਕੇ ਪੈਰਿਸ 2024 ਪੈਰਾਲੰਪਿਕ ਵਿੱਚ ਭਾਰਤ ਲਈ ਸੱਤਵਾਂ ਤਮਗਾ ਜਿੱਤਿਆ।
ਨਿਸ਼ਾਦ ਨੇ 2.04 ਮੀਟਰ ਦੀ ਛਾਲ ਆਸਾਨੀ ਨਾਲ ਮਾਰੀ, ਪਰ 2.08 ਮੀਟਰ ‘ਤੇ ਅਸਫਲ ਰਹੇ, ਆਪਣੀਆਂ ਪਹਿਲੀਆਂ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਂਦਿਆਂ 24 ਸਾਲਾ ਭਾਰਤੀ ਖਿਡਾਰੀ ਨੇ 2.06 ਮੀਟਰ ਦੇ ਨਵੇਂ ਏਸ਼ਿਆਈ ਰਿਕਾਰਡ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਜਦਕਿ ਰੂਸ ਦੇ ਜਾਰਜੀ ਮਾਰਗੀਵ ਨੇ ਕਾਂਸੀ ਦਾ ਤਗਮਾ ਜਿੱਤਿਆ।
ਅਮਰੀਕਾ ਦੇ ਰੋਡਰਿਕ ਟਾਊਨਸੈਂਡ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 2.12 ਮੀਟਰ ਦੀ ਛਾਲ ਲਗਾ ਕੇ ਸੋਨ ਤਮਗਾ ਜਿੱਤਿਆ। ਟਾਊਨਸੇਂਡ ਨੇ 2021 ਵਿੱਚ ਵੀ ਪੈਰਾਲੰਪਿਕ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ 2022 ਏਸ਼ੀਅਨ ਪੈਰਾ ਖੇਡਾਂ ਵਿੱਚ, ਉਨ੍ਹਾਂ ਨੇ ਹਾਂਗਜ਼ੂ, ਚੀਨ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿੱਚ ਸੋਨ ਤਗਮਾ ਜਿੱਤਿਆ ਸੀ।
ਇਸ ਦੌਰਾਨ ਭਾਰਤ ਨੇ ਚੱਲ ਰਹੇ ਪੈਰਿਸ ਪੈਰਾਲੰਪਿਕ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਨਾਲ ਕੁੱਲ ਸੱਤ ਤਗਮੇ ਜਿੱਤੇ ਹਨ। ਐਤਵਾਰ ਨੂੰ, ਭਾਰਤੀ ਪੈਰਾਸਪ੍ਰਿੰਟਰ ਪ੍ਰੀਤੀ ਪਾਲ ਨੇ 200 ਮੀਟਰ ਟੀ35 ਵਿੱਚ 30.01 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਤਗਮੇ ਦੇ ਨਾਲ, ਪ੍ਰੀਤੀ ਨੇ ਇਤਿਹਾਸ ਰਚਿਆ ਕਿਉਂਕਿ ਉਹ ਪੈਰਾਲੰਪਿਕ ਜਾਂ ਓਲੰਪਿਕ ਵਿੱਚ ਟ੍ਰੈਕ ਅਤੇ ਫੀਲਡ ਈਵੈਂਟ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ।
ਇਸ ਤੋਂ ਪਹਿਲਾਂ ਪ੍ਰੀਤੀ ਨੇ ਟੀ35 100 ਮੀਟਰ ਦੌੜ ਵਿੱਚ 14.21 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ, ਜੋ ਉਨ੍ਹਾਂ ਦਾ ਨਿੱਜੀ ਸਰਵੋਤਮ ਵੀ ਹੈ।
ਹਿੰਦੂਸਥਾਨ ਸਮਾਚਾਰ