Amritsar News: ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ 25ਵਾਂ ਚੇਤਨਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੱਕ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੋਂ ਅੱਜ ਸਵੇਰੇ ਰਵਾਨਾ ਹੋਇਆ। ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟਰਸਟ (ਰਜਿ.) ਚੰਡੀਗੜ੍ਹ ਵੱਲੋਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਖ ਸ਼ਰਧਾਲੂਆਂ ਦਾ ਜੱਥਾ ਜੈਕਾਰੇ ਲਾਉਂਦਾਂ ਰਵਾਨਾ ਹੋਇਆ।
ਰਵਾਨਗੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਮੀਆਂਵਿੰਡ ਸਾਬਕਾ ਵਿਧਾਇਕ,ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਇੰਚਾਰਜ ਹਲਕਾ ਜੰਡਿਆਲਾ ਗੁਰੂ,ਸਾਬਕਾ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ ਤੋਂ ਇਲਾਵਾ ਚੇਅਰਮੈਨ ਜਸਵੰਤ ਸਿੰਘ ਆਦਿ ਹਾਜ਼ਰ ਹੋਏ।ਇਸ ਮੌਕੇ ‘ਤੇ ਮਨਜੀਤ ਸਿੰਘ ਮੰਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਗਤਾਂ ਦਾ ਜੱਥਾ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ। ਇਹ ਜੱਥਾ ਪਟਨਾ ਸਾਹਿਬ ਜਾ ਕੇ ਚੇਤਨਾ ਮਾਰਚ ਕੱਢੇਗਾ ਅਤੇ ਇਸੇ ਟ੍ਰੇਨ ਰਾਹੀਂ ਸੰਗਤਾਂ ਦੀ ਵਾਪਸੀ ਹੋਵੇਗੀ।ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਣੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸੰਗਤਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਆਖਿਆ ਕਿ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ।
ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅੱਗੇ ਸਮੁੱਚੀ ਲੋਕਾਈ ਦਾ ਸਿਰ ਝੁੱਕਦਾ ਹੈ।ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਪ੍ਰਤੀ ਸ਼ਰਧਾ ਵਿਖਾਉਂਦਿਆਂ ਕੇਂਦਰ ਸਰਕਾਰ ਨੇ ਵਿਸ਼ੇਸ਼ ਰੇਲ ਗੱਡੀ ਚਲਾ ਕੇ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਚੇਅਰਮੈਨ ਨੇ ਦੱਸਿਆ ਕਿ 25ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਰਵਾਨਾ ਹੋਇਆ ਹੈ। 3 ਸਤੰਬਰ ਨੂੰ ਇਹ ਮਾਰਚ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ।ਉਸੇ ਰਾਤ ਪਟਨਾ ਸਾਹਿਬ ਵਿਖੇ ਧਾਰਮਿਕ ਨਾਟਕ ਰੋਸ਼ਨੀ ਤੇ ਆਵਾਜ਼ ‘ਤੇ ਅਧਾਰਿਤ ‘ਗੁਰੂ ਕੇ ਬੇਟੇ’ ਦੀ ਪੇਸ਼ਕਾਰੀ ਹੋਵੇਗੀ। 4 ਸਤੰਬਰ ਗੁਰਦੁਆਰਾ ਰਾਏਘਾਟ ਤੋਂ ਤਖਤ ਸ੍ਰੀ ਪਟਨਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। 5 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ ਅਤੇ ਰਾਤ ਨੂੰ ਧਾਰਮਿਕ ਨਾਟਕ ਵੀ ਹੋਵੇਗਾ। 6 ਸਤੰਬਰ ਨੂੰ ਇਸੇ ਰੇਲ ਗੱਡੀ ਰਾਹੀਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਪੰਜਾਬ ਲਈ ਰਵਾਨਗੀ ਹੋਵੇਗੀ।ਉਨ੍ਹਾਂ ਇਸ ਟਰੇਨ ਚਲਵਾਉਣ ਲਈ ਮਨਜੀਤ ਸਿੰਘ ਮੰਨਾ ਦਾ ਧੰਨਵਾਦ ਵੀ ਕੀਤਾ।
ਹਿੰਦੂਸਥਾਨ ਸਮਾਚਾਰ