Gujrat News: ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਗੁਜਰਾਤ ’ਤੇ ਫਿਲਹਾਲ ਚੱਕਰਵਾਤੀ ਤੂਫਾਨ ਅਸਨਾ ਦੇ ਰੂਪ ’ਚ ਤਬਦੀਲ ਹੋਏ ਚੱਕਰਵਾਤ ਤੋਂ ਹੋਣ ਵਾਲੀ ਤਬਾਹੀ ਦਾ ਖਤਰਾ ਟਲ ਗਿਆ। ਗੁਜਰਾਤ ਸਰਕਾਰ ਨੇ ਸਾਵਧਾਨੀ ਦੇ ਤੌਰ ‘ਤੇ ਕੱਛ ਤੱਟ ਨੂੰ ਖਾਲੀ ਕਰਵਾ ਲਿਆ ਸੀ। ਤੂਫਾਨ ਦੇ ਓਮਾਨ ਵੱਲ ਮੁੜਨ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਪਾਕਿਸਤਾਨ ਨੇ ਇਸ ਤੂਫਾਨ ਦਾ ਨਾਮ ਅਸਨਾ ਦਿੱਤਾ ਹੈ। ਬਾਵਜੂਦ ਇਸਦੇ ਸੂਬੇ ਨੂੰ ਮੀਂਹ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਭਾਰਤੀ ਮੌਸਮ ਵਿਭਾਗ ਨੇ ਅੱਜ ਸਵੇਰੇ ਅਗਲੇ ਦੋ-ਤਿੰਨ ਦਿਨਾਂ ਤੱਕ 17 ਰਾਜਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਵਿਭਾਗ ਦੇ ਅਨੁਸਾਰ, ਇਸ ਦੌਰਾਨ ਮੱਧ ਅਤੇ ਤੱਟਵਰਤੀ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਦਾ ਖੇਤਰ ਬਣਿਆ ਹੈ। ਇਸ ਦੇ ਪ੍ਰਭਾਵ ਹੇਠ ਅਗਲੇ ਦੋ-ਤਿੰਨ ਦਿਨਾਂ ਤੱਕ ਪੱਛਮੀ ਬੰਗਾਲ, ਓਡੀਸ਼ਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਰਾਜਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ, ਉਨ੍ਹਾਂ ’ਚ ਗੁਜਰਾਤ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਪੰਜਾਬ, ਦਿੱਲੀ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ।
ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਵਿੱਚ ਕੱਲ੍ਹ ਦਿਨ ਭਰ ਚੱਕਰਵਾਤ ਦਾ ਖ਼ਤਰਾ ਬਣਿਆ ਰਿਹਾ। ਚੱਕਰਵਾਤ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ। ਪਰ ਤਬਾਹੀ ਦਾ ਡਰ ਉਦੋਂ ਟਲ ਗਿਆ ਜਦੋਂ ਚੱਕਰਵਾਤੀ ਤੂਫ਼ਾਨ ਅਸਨਾ ਦੇਰ ਰਾਤ ਤੂਫ਼ਾਨ ਵਿੱਚ ਬਦਲ ਕੇ ਓਮਾਨ ਵੱਲ ਮੁੜ ਗਿਆ। ਜ਼ਿਕਰਯੋਗ ਹੈ ਕਿ 1976 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਗਸਤ ਮਹੀਨੇ ਅਰਬ ਸਾਗਰ ਤੋਂ ਚੱਕਰਵਾਤ ਉੱਠਿਆ। ਸ਼ੁੱਕਰਵਾਰ ਸਵੇਰੇ 11:30 ਵਜੇ ਤੱਕ ਇਸ ਦੀ ਗਤੀ ਭੁਜ ਤੋਂ 190 ਕਿਲੋਮੀਟਰ ਪੱਛਮ-ਉੱਤਰ-ਪੱਛਮ ਵਿੱਚ ਦਿਖਾਈ ਦਿੱਤੀ। ਵਿਭਾਗ ਨੇ ਕਿਹਾ ਹੈ ਕਿ ਇਹ ਹੁਣ ਉੱਤਰ-ਪੂਰਬੀ ਅਰਬ ਸਾਗਰ ‘ਤੇ ਪੱਛਮ-ਉੱਤਰ ਪੱਛਮ ਵੱਲ ਵਧੇਗਾ। ਇਸ ਦੇ ਪ੍ਰਭਾਵ ਕਾਰਨ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਵਿੱਚ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ ਹੈ।
ਹਿੰਦੂਸਥਾਨ ਸਮਾਚਾਰ