New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਤਿੰਨ ਵੰਦੇ ਭਾਰਤ ਟਰੇਨਾਂ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵੰਦੇ ਭਾਰਤ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦਾ ਨਵਾਂ ਚਿਹਰਾ ਹੈ। ਅੱਜ ਸ਼ਹਿਰ ’ਚ, ਹਰ ਰੂਟ ‘ਤੇ ਵੰਦੇ ਭਾਰਤ ਦੀ ਮੰਗ ਹੈ। ਹਾਈ-ਸਪੀਡ ਟਰੇਨਾਂ ਲੋਕਾਂ ਨੂੰ ਆਪਣੇ ਕਾਰੋਬਾਰ, ਰੁਜ਼ਗਾਰ ਅਤੇ ਸੁਪਨਿਆਂ ਨੂੰ ਵਧਾਉਣ ਦਾ ਭਰੋਸਾ ਦਿੰਦੀਆਂ ਹਨ। ਅੱਜ ਦੇਸ਼ ਭਰ ਵਿੱਚ 102 ਵੰਦੇ ਭਾਰਤ ਰੇਲ ਸੇਵਾਵਾਂ ਚੱਲ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੇ ‘ਮੇਕ ਇਨ ਇੰਡੀਆ’ ਅਤੇ ਸਵੈ-ਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਦੇ ਹੋਏ, ਅਤਿ-ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਤਿੰਨ ਰੂਟਾਂ : ਮੇਰਠ-ਲਖਨਊ; ਮਦੁਰਾਈ-ਬੈਂਗਲੁਰੂ ਅਤੇ ਚੇਨਈ-ਨਾਗਰਕੋਇਲ ‘ਤੇ ਸੰਪਰਕ ਵਿੱਚ ਸੁਧਾਰ ਕਰਨਗੀਆਂ। ਇਹ ਵੰਦੇ ਭਾਰਤ ਟਰੇਨਾਂ ਮੌਜੂਦਾ ਸਮੇਂ ‘ਚ ਚੱਲ ਰਹੀਆਂ ਹਾਈ ਸਪੀਡ ਟਰੇਨਾਂ ਦੇ ਮੁਕਾਬਲੇ ਯਾਤਰਾ ਦੇ ਸਮੇਂ ਨੂੰ ਘੱਟ ਕਰਨਗੀਆਂ। ਮੇਰਠ ਸਿਟੀ-ਲਖਨਊ ਵੰਦੇ ਭਾਰਤ ਰਾਹੀਂ ਯਾਤਰਾ ਦੇ ਸਮੇਂ ਵਿੱਚ ਲਗਭਗ 1 ਘੰਟੇ, ਚੇਨਈ ਏਗਮੋਰ-ਨਾਗਰਕੋਇਲ ਵੰਦੇ ਭਾਰਤ ਰਾਹੀਂ 2 ਘੰਟੇ ਅਤੇ ਮਦੁਰਾਈ-ਬੰਗਲੁਰੂ ਵੰਦੇ ਭਾਰਤ ਰਾਹੀਂ ਡੇਢ ਘੰਟੇ ਦੀ ਬਚਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਵੰਦੇ ਭਾਰਤ ਰੇਲ ਗੱਡੀਆਂ ਚਲਦੀਆਂ ਹਨ ਉੱਥੇ ਸੈਰ-ਸਪਾਟੇ ਵਿੱਚ ਵਾਧਾ ਹੋਇਆ ਹੈ, ਨਤੀਜੇ ਵਜੋਂ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਮਿਲਿਆ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਦੱਖਣੀ ਰਾਜਾਂ ਦਾ ਤੇਜ਼ੀ ਨਾਲ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਦੱਖਣੀ ਭਾਰਤ ਕੋਲ ਬੇਅੰਤ ਪ੍ਰਤਿਭਾ, ਬੇਅੰਤ ਸਰੋਤ ਅਤੇ ਮੌਕੇ ਹਨ। ਤਾਮਿਲਨਾਡੂ ਅਤੇ ਕਰਨਾਟਕ ਸਮੇਤ ਪੂਰੇ ਦੱਖਣ ਦਾ ਵਿਕਾਸ ਸਾਡੀ ਸਰਕਾਰ ਦੀ ਤਰਜੀਹ ਹੈ। ਪਿਛਲੇ 10 ਸਾਲਾਂ ਵਿੱਚ ਇਨ੍ਹਾਂ ਰਾਜਾਂ ਵਿੱਚ ਰੇਲਵੇ ਦੀ ਵਿਕਾਸ ਯਾਤਰਾ ਇਸਦੀ ਉਦਾਹਰਣ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਅਸੀਂ ਤਾਮਿਲਨਾਡੂ ਨੂੰ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਰੇਲਵੇ ਬਜਟ ਦਿੱਤਾ ਹੈ। ਇਹ 2014 ਦੇ ਬਜਟ ਨਾਲੋਂ 7 ਗੁਣਾ ਜ਼ਿਆਦਾ ਹੈ। ਇਸੇ ਤਰ੍ਹਾਂ ਕਰਨਾਟਕ ਲਈ ਵੀ ਇਸ ਵਾਰ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ। ਇਹ ਬਜਟ ਵੀ 2014 ਦੇ ਮੁਕਾਬਲੇ 9 ਗੁਣਾ ਜ਼ਿਆਦਾ ਹੈ। ਅੱਜ ਮੇਰਠ-ਲਖਨਊ ਰੂਟ ‘ਤੇ ਵੰਦੇ ਭਾਰਤ ਟਰੇਨ ਰਾਹੀਂ ਯੂਪੀ ਅਤੇ ਖਾਸ ਕਰਕੇ ਪੱਛਮੀ ਯੂਪੀ ਦੇ ਲੋਕਾਂ ਨੂੰ ਖੁਸ਼ਖਬਰੀ ਮਿਲੀ ਹੈ। ਮੇਰਠ ਅਤੇ ਪੱਛਮੀ ਉੱਤਰ ਪ੍ਰਦੇਸ਼ ਇਨਕਲਾਬ ਦੀ ਧਰਤੀ ਹੈ। ਅੱਜ ਇਹ ਇਲਾਕਾ ਵਿਕਾਸ ਦੀ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ।
ਵਰਣਨਯੋਗ ਹੈ ਕਿ ਇਹ ਨਵੀਂ ਵੰਦੇ ਭਾਰਤ ਟਰੇਨਾਂ ਖੇਤਰ ਦੇ ਲੋਕਾਂ ਨੂੰ ਸਪੀਡ ਅਤੇ ਸੁਵਿਧਾ ਨਾਲ ਯਾਤਰਾ ਕਰਨ ਲਈ ਵਿਸ਼ਵ ਪੱਧਰੀ ਸੇਵਾ ਪ੍ਰਦਾਨ ਕਰਨਗੀਆਂ ਅਤੇ ਤਿੰਨ ਰਾਜਾਂ – ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੀ ਸ਼ੁਰੂਆਤ ਨਿਯਮਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੇਲ ਸੇਵਾ ਦੇ ਇੱਕ ਨਵੇਂ ਮਿਆਰ ਦੀ ਸ਼ੁਰੂਆਤ ਕਰੇਗੀ।
ਹਿੰਦੂਸਥਾਨ ਸਮਾਚਾਰ