Kolkata Case: ਆਰ.ਜੀ. ਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਜੂਨੀਅਰ ਡਾਕਟਰ ਦੇ ਕਤਲ ਅਤੇ ਜਬਰ ਜ਼ਨਾਹ ਦੇ ਮਾਮਲੇ ਵਿੱਚ ਦਰਜ ਐਫਆਈਆਰ ਦੀ ਭਾਸ਼ਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਐਫਆਈਆਰ ਵਿੱਚ ‘ਵਿਲਫੁੱਲ ਰੇਪ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਦੋਂ ਕਿ ਕਾਨੂੰਨ ਦੀ ਭਾਸ਼ਾ ਵਿੱਚ ‘ਇੱਛਾਤਮਕ ਬਲਾਤਕਾਰ’ ਵਰਗਾ ਕੁਝ ਨਹੀਂ ਹੈ। ਅੰਦੋਲਨਕਾਰੀ ਡਾਕਟਰਾਂ ਅਤੇ ਵਕੀਲਾਂ ਦਾ ਇੱਕ ਵੱਡਾ ਵਰਗ ਇਸ ਵਿਵਾਦ ਨੂੰ ਲੈ ਕੇ ਸਵਾਲ ਉਠਾ ਰਿਹਾ ਹੈ।
ਟਾਲਾ ਪੁਲਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 52 ਦੇ ਤਹਿਤ ‘ਫਰਸਟ ਕੰਟੈਟਸ’ ਕਾਲਮ ਵਿੱਚ ਲਿਖਿਆ ਹੈ, “ਅਨਨੋਨ ਮਿਸਕ੍ਰੀਈਟਸ ਕਮਿਟੇਡ ਵਿਲਫੁੱਲ ਰੇਪ ਵਿਦ ਮਰਡਰ’ ਭਾਵ ਅਣਪਛਾਤੇ ਵਿਅਕਤੀਆਂ ਨੇ ਜਾਣਬੁੱਝ ਬਲਾਤਕਾਰ ਅਤੇ ਕਤਲ ਕੀਤਾ। ਐਫਆਈਆਰ ਮੁਤਾਬਕ ਘਟਨਾ ਵਾਲੀ ਥਾਂ ਥਾਣੇ ਤੋਂ 750 ਮੀਟਰ ਦੂਰ ਹੈ ਅਤੇ ਕਤਲ ਅਤੇ ਜਬਰ ਜ਼ਨਾਹ ਦੀ ਘਟਨਾ ਸਵੇਰੇ 10:10 ਵਜੇ ਤੋਂ ਪਹਿਲਾਂ ਕਿਸੇ ਵੀ ਸਮੇਂ ਵਾਪਰੀ ਹੈ।
ਇਸ ਐਫਆਈਆਰ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 64 ਅਤੇ 103 (1) ਦਾ ਜ਼ਿਕਰ ਕੀਤਾ ਗਿਆ ਹੈ। ਨਵੇਂ ਕਾਨੂੰਨ ਮੁਤਾਬਕ ਆਈਪੀਸੀ 64 ਬਲਾਤਕਾਰ ਦੀ ਧਾਰਾ ਹੈ ਅਤੇ 103 (1) ਕਤਲ ਦੀ ਧਾਰਾ ਹੈ। ਇਸ ਤੋਂ ਇਲਾਵਾ ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ “ਇਹ ਐਫਆਈਆਰ ਪਰਿਵਾਰ ਵੱਲੋਂ ਮਿਲੇ ਸ਼ਿਕਾਇਤ ਪੱਤਰ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਉਸੇ ਸ਼ਿਕਾਇਤ ਪੱਤਰ ਨੂੰ ਐਫਆਈਆਰ ਮੰਨਿਆ ਗਿਆ ਹੈ।”
ਇਸ ਐਫਆਈਆਰ ਦੀ ਭਾਸ਼ਾ ‘ਤੇ ਸਵਾਲ ਉਠਾਉਂਦੇ ਹੋਏ, ਅੰਦੋਲਨਕਾਰੀ ਡਾਕਟਰਾਂ ਅਤੇ ਕਈ ਵਕੀਲਾਂ ਦਾ ਕਹਿਣਾ ਹੈ ਕਿ “ਵਿਲਫੁੱਲ ਰੇਪ” ਦੀ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ, ”ਅਸੀਂ ਪੁਲਸ ਨੂੰ ਆਪਣੀ ਸ਼ਿਕਾਇਤ ‘ਚ ਲਿਖਿਆ ਸੀ ਕਿ ਸਾਡੀ ਬੇਟੀ ਨਾਲ ਹੋਏ ਜ਼ੁਲਮ ‘ਚ ਸ਼ਾਮਲ ਸਾਰੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਫਿਰ ਵੀ ਪੁਲਸ ਨੇ ਐਫਆਈਆਰ ਵਿੱਚ ਸਿਰਫ਼ ਇੱਕ ਮੁਲਜ਼ਮ ਦਾ ਹੀ ਜ਼ਿਕਰ ਕਿਉਂ ਕੀਤਾ?” ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਨਾਲ ਜੋ ਹੋਇਆ, ਉਹ ਇੱਕ ਵਿਅਕਤੀ ਦੇੇ ਵੱਸ ਦੀ ਗੱਲ ਨਹੀਂ ਸੀ।
ਵਕੀਲਾਂ ਅਤੇ ਅੰਦੋਲਨਕਾਰੀ ਡਾਕਟਰਾਂ ਨੇ ਇਸ ਸੰਦਰਭ ਵਿੱਚ ਪੋਸਟ ਮਾਰਟਮ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ, “ਜੇਨਿਟਾਲਿਆ ਵਿੱਚ ਜ਼ਬਰਦਸਤੀ ਪ੍ਰਵੇਸ਼ ਦੇ ਮੈਡੀਕਲ ਸਬੂਤ ਮਿਲੇ ਹਨ, ਜੋ ਜਿਨਸੀ ਹਮਲੇ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।” ਪਰ ਪੋਸਟਮਾਰਟਮ ਵਿੱਚ ਜਬਰ ਜ਼ਨਾਹ ਦਾ ਸਿੱਧਾ ਜ਼ਿਕਰ ਨਹੀਂ ਹੈ।
ਵਕੀਲ ਮਿਲਨ ਮੁਖੋਪਾਧਿਆਏ ਦਾ ਕਹਿਣਾ ਹੈ, “ਵਿਲਫੁੱਲ ਬਲਾਤਕਾਰ ਦੀ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ। ਇਹ ਬੇਹੱਦ ਹਾਸੋਹੀਣੀ ਹੈ। ਇਹ ਕੋਈ ਕਾਨੂੰਨੀ ਭਾਸ਼ਾ ਨਹੀਂ ਹੈ। ਪੁਲਸ ਨੇ ਇਹ ਕਿਵੇਂ ਲਿਖਿਆ, ਸਮਝ ਤੋਂ ਬਾਹਰ ਹੈ।”
ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਐਫਆਈਆਰ ਵਿੱਚ ਦਰਜ ਭਾਸ਼ਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਪਰਿਵਾਰਕ ਮੈਂਬਰਾਂ ਤੋਂ ਅਲੱਗ-ਅਲੱਗ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਸ ਵਿਵਾਦਤ ਐਫਆਈਆਰ ਦੀ ਭਵਿੱਖੀ ਸਥਿਤੀ ਕੀ ਰਹਿੰਦੀ ਹੈ ਅਤੇ ਇਸ ਨੂੰ ਨਿਆਂ ਪ੍ਰਕਿਰਿਆ ਵਿੱਚ ਕਿਵੇਂ ਦੇਖਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ